‘ਦ ਖਾਲਸ ਬਿਊਰੋ:ਆਪ ਦਾ ਗੜ੍ਹ ਮੰਨੇ ਗਏ ਇਲਾਕੇ ਸੰਗਰੂਰ ਤੋਂ ਜ਼ਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਟਵੀਟਰ ਅਕਾਉਂਟ ‘ਤੋਂ ਟਵੀਟ ਕਰਕੇ ਸਾਰਿਆਂ ਨੂੰ ਆਪਣੀ ਸਿਹਤਯਾਬੀ ਦੀ ਸੂਚਨਾ ਦਿੱਤੀ ਹੈ।ਆਪਣੇ ਕੀਤੇ ਹੋਏ ਪਹਿਲੇ ਟਵੀਟ ਵਿੱਚ ਮਾਨ ਨੇ ਸਾਰਿਆਂ ਨੂੰ ਸੂਚਿਤ ਕਰਦੇ ਹੋਏ ਲਿਖਿਆ ਹੈ ਕਿ ਉਹ ਠੀਕ ਹੋ ਰਹੇ ਹਨ ਅਤੇ ਇੱਕ ਜਾਂ ਦੋ ਦਿਨਾਂ ਵਿੱਚ ਕੰਮ ‘ਤੇ ਵਾਪਸ ਆ ਜਾਣਗੇ। ਉਹਨਾਂ ਇਹ ਵੀ ਦਸਿਆ ਹੈ ਕਿ ਉਹਨਾਂ ਨੂੰ ਗਲੇ ਦੀ ਲਾਗ ਅਤੇ ਵਾਇਰਲ ਬੁਖਾਰ ਦੀ ਦਿੱਕਤ ਹੈ ਤੇ ਉਹਨਾਂ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ।
ਆਪਣੇ ਅਗਲੇ ਟਵੀਟ ਵਿੱਚ ਵੀ ਉਹਨਾਂ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਸਮਰਥਨ ਕਰਨ ਲਈ ਵਿਸ਼ਵ ਭਰ ਵਿੱਚ ਵਸਦੇ ਪੰਜਾਬੀ ਸਿੱਖ ਦਾ ਧੰਨਵਾਦ ਕੀਤਾ ਹੈ। ਉਹਨਾਂ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਹਮੇਸ਼ਾ ਸਾਡੀ ਪਾਰਟੀ ਦੇ ਨਾਲ ਖੜੇ ਹੋ ਅਤੇ ਮੈਂ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਕੰਮ ਕਰਾਂਗਾ।ਆਓ ਮਿਲ ਕੇ ਨਿਆਂ, ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰੀਏ।
ਜਿਕਰਯੋਗ ਹੈ ਕਿ ਸੰਗਰੂਰ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਆਪ ਉਮੀਦਵਾਰ ਨਾਲ ਹੋਈ ਫਸਵੀਂ ਟੱਕਰ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਪਰ ਇਸ ਦੌਰਾਨ ਉਹਨਾਂ ਦੀ ਸਿਹਤ ਕੁੱਝ ਖਰਾਬ ਹੋ ਗਈ ਸੀ।