ਰੂਪਨਗਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ(Lok Sabha Member Simranjit Singh mann) ਨੇ ਮੁਹਾਲੀ ਹਵਾਈ ਅੱਡੇ(mohali airport) ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ (baba banda singh bahadur)ਦੇ ਨਾਮ ‘ਤੇ ਰੱਖਣ ਦੀ ਮੰਗ ਕੀਤੀ ਹੈ। ਐਮਪੀ ਮਾਨ ਨੇ ਇਸ ਗੱਲ ਦਾ ਪ੍ਰਗਟਾਵਾ ਮੋਰਿੰਡਾ ਦੇ ਪਿੰਡ ਭਾਗੋਵਾਲ ਵਿਖੇ ਇੱਕ ਸਮਾਗਮ ਦੌਰਾਨ ਕੀਤਾ। ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ ਦੇ ਸਵਰਗੀ ਪਿਤਾ ਸ਼ਮਸ਼ੇਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਸਨ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਇਸ ਹਵਾਈ ਅੱਡੇ ਦੇ ਨੇੜੇ ਪਿੰਡ ਚੱਪੜਚਿੜੀ ਦੀ ਧਰਤੀ ਮਹਾਨ ਇਤਿਹਾਸ ਸਮੋਈ ਬੈਠੀ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਖ਼ਾਲਸਾ ਰਾਜ ਦੀ ਨੀਂਹ ਰੱਖੀ ਸੀ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ।
ਐਮਪੀ ਮਾਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬੀਤੇ ਦਿਨੀਂ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਕਿਸੇ ਵੀ ਰਾਜਨਿਤਕ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਪਾਣੀਆਂ, ਬੰਦੀ ਸਿੱਖਾਂ ਦੀ ਰਿਹਾਈ , ਸ਼੍ਰੋਮਣੀ ਕਮੇਟੀ ਦੀਆਂ ਚਿਰਾਂ ਤੋਂ ਲਟਕਦੀਆਂ ਚੋਣਾਂ ਅਤੇ ਬਾਘਾ ਬਾਰਡਰ ਨੂੰ ਖੋਲ੍ਹਣ ਸਮੇਤ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਕੋਈ ਵੀ ਮੰਗ ਪ੍ਰਧਾਨ ਮੰਤਰੀ ਕੋਲੋਂ ਨਹੀਂ ਉਠਾਈ ।

ਇਸ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਧਰਤੀ ਤੇ ਆ ਕੇ ਸਿੱਖਾਂ ਨੂੰ ਇੱਕ ਗੁੱਝਾ ਸੁਨੇਹਾ ਦੇ ਕੇ ਗਏ ਹਨ। ਜਿਸ ਨੂੰ ਸਿੱਖ ਕੌਮ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮੈਂਬਰ ਵੱਲੋਂ ਦੇਸ਼ ਵਿਚਲੀਆਂ ਘੱਟਗਿਣਤੀਆਂ ਨੂੰ ਬਹੁਗਿਣਤੀ ਦੇ ਆਸਰੇ ਦਬਾਉਣ ਬਾਰੇ ਆਵਾਜ਼ ਬੁਲੰਦ ਨਹੀਂ ਕੀਤੀ ਜਾ ਰਹੀ।
ਮਾਨ ਨੇ ਕਿਹਾ ਕਿ ਹਿੰਦੁਸਤਾਨ ਹਕੂਮਤ ਵੱਲੋਂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਕੇ ਅਤੇ ਉਥੋਂ ਦੀ ਅਸੈਂਬਲੀ ਭੰਗ ਕਰਕੇ ਜਮਹੂਰੀਅਤ ਦੇ ਕੀਤੇ ਘਾਣ ਬਾਰੇ ਅਤੇ ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਦੇਸ਼ ਦੀਆਂ ਘੱਟਗਿਣਤੀਆਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ।
ਮਾਨ ਨੇ ਕਿਹਾ ਕਿ ਬੀਬੀ ਬਿਲਕਿਸ ਬਾਨੋ ਦੇ ਪਰਿਵਾਰਕ ਜੀਆਂ ਦਾ ਕਤਲੇਆਮ ਕਰਨ ਵਾਲੇ ਅਤੇ ਉਸ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਛੱਡ ਕੇ ਕਨੂੰਨ ਦਾ ਮਜ਼ਾਕ ਉਡਾਇਆ ਗਿਆ ਹੈ, ਜਦਕਿ ਬੰਦੀ ਸਿੱਖ ਜੋ ਕਿ ਸਿੱਖ ਕੌਮ ਦੀਆਂ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕਰਦਿਆਂ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾਂ ਤੋਂ ਵੀ ਵੱਧ ਸਜ਼ਾਵਾਂ ਕੱਟ ਚੁੱਕੇ ਹਨ , ਉਹ ਅਜੇ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ ।
ਮਾਨ ਨੇ ਮੰਗ ਕੀਤੀ ਕਿ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਵਾਹਗਾ ਬਾਰਡਰ ਖੋਲਿਆ ਜਾਵੇ ਤਾਂ ਜੋ ਇਸ ਰਾਹੀਂ ਪੰਜਾਬ ਦੇ ਕਿਸਾਨ ਪਾਕਿਸਤਾਨ, ਇਰਾਨ ਅਤੇ ਅਫ਼ਗਾਨਿਸਤਾਨ ਆਦਿ ਦੇਸ਼ਾਂ ਨਾਲ ਵੀ ਸਿੱਧਾ ਵਪਾਰ ਕਰ ਸਕਣ ਅਤੇ ਖੁਸ਼ਹਾਲ ਹੋ ਸਕਣ।
ਐਮਪੀ ਮਾਨ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਬਰਸੀ 3 ਸਤੰਬਰ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਈ ਜਾਵੇਗੀ ਅਤੇ 15 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ ।