‘ਦ ਖ਼ਾਲਸ ਬਿਊਰੋ : ਸ਼ਹੀਦੇ ਆਜ਼ਮ ਸ . ਭਗਤ ਸਿੰਘ ਨੂੰ ਅਤੱਵਾਦੀ ਆਖ ਕੇ ਕੀ ਸਿਮਰਨਜੀਤ ਸਿੰਘ ਮਾਨ ਆਪਣੇ ਦਾਦੇ ਦੇ ਮਾਮਲੇ ਨੂੰ ਛਿਪਾਉਣਾ ਚਾਹੁੰਦੇ ਹਨ? ਮਾਮਲਾ ਅਜਿਹਾ ਹੀ ਜਾਪਦਾ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਪੂੰ ਬਣੇ ਸਰਬਰਾਹ (ਪ੍ਰਬੰਧਕ) ਮਾਨ ਦੇ ਦਾਦਾ ਅਰੂੜ ਸਿੰਘ ਨੇ ਅਕਾਲ ਤਖ਼ਤ ’ਤੇ ਉਸ ਸਮੇਂ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ ਜਦੋਂ ਜਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਸਾਕੇ ਮਗਰੋਂ ਅਜੇ ਪੰਜਾਬ ਦੇ ਹੰਝੂ ਤੱਕ ਨਹੀਂ ਸੁੱਕੇ ਸਨ।
ਭਾਵੇਂ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕੀਤੇ ਜਾਣ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਤੇ ਇਹ ਹਮੇਸ਼ਾਂ ਸਿੱਖ ਇਤਿਹਾਸ ’ਚ ਇੱਕ ਕਾਲਾ ਅਧਿਆਏ ਬਣਿਆ ਰਹੇਗਾ ਪਰ ਸਿਮਰਨਜੀਤ ਮਾਨ ਨੂੰ ਇਹ ਗੱਲ ਅਜੇ ਵੀ ਗਲਤ ਨਹੀਂ ਜਾਪਦੀ।
ਅੱਜ ਵੀ, ਸਿਮਰਨਜੀਤ ਸਿੰਘ ਮਾਨ ਆਪਣੇ ਦਾਦੇ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਨੂੰ ਸਹੀ ਠਹਿਰਾਉਂਦੇ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਦਾਦੇ ਨੇ ਜਨਰਲ ਡਾਇਰ ਨੂੰ ਸਨਮਾਨਿਤ ਉਸਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੀਤਾ ਕਿਉਂਕਿ ਬ੍ਰਿਟਿਸ਼ ਸਰਕਾਰ ਅੰਮ੍ਰਿਤਸਰ ’ਚ ਬੰਬਾਰੀ ਕਰਵਾਉਣਾ ਚਾਹੁੰਦੀ ਸੀ। ‘ਉਨ੍ਹਾਂ ਅਜਿਹਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬੰਬਾਰੀ ਤੋਂ ਬਚਾਉਣ ਲਈ ਉਸ ਸਮੇਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਜੀ ਏ ਵਾਥਨ ਦੀ ਸਲਾਹ ’ਤੇ ਕੀਤਾ।’
ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਾਂਡਰਸ ਕਤ ਲ ਕੇਸ ਦਾ ਹਵਾਲਾ ਦਿੰਦਿਆਂ, ਭਗਤ ਸਿੰਘ ਨੂੰ ਅਤੱ ਵਾਦੀ ਆਖਿਆ ਸੀ ਕਿਉਂਕਿ ਉਸਨੇ ਇੱਕ ਅੰਮ੍ਰਿਤਧਾਰੀ ਸਿੱਖ ਪੁਲੀਸ ਕਾਂਸਟੇਬਲ ਨੂੰ ਮਾ ਰ ਦਿੱਤਾ ਸੀ ਤੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਮਾਨ ਨੇ ਕਿਹਾ ਸੀ ਕਿ ਹੁਣ ਤੁਸੀਂ ਹੀ ਦੱਸੋ ਕਿ ਭਗਤ ਸਿੰਘ ਅੱ ਤ ਵਾ ਦੀ ਸੀ ਜਾਂ ਭਗਤ।
ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱ ਤ ਵਾ ਦੀ ਕਹਿਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਮਾਨ ਦੇ ਇਸ ਬਿਆਨ ਮਗਰੋਂ ਵਿਰੋਧੀਆਂ ਨੇ ਸਾਂਸਦ ਨੂੰ ਨਿਸ਼ਾਨੇ ‘ਤੇ ਲੈਣ ‘ਚ ਦੇਰ ਨਾ ਲਾਈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਰਾਹੀਂ ਸਿਮਰਨਜੀਤ ਮਾਨ ਦੇ ਇਨ੍ਹਾਂ ਸ਼ਬਦਾਂ ਦੀ ਨਿੰਦਾ ਕੀਤੀ ਹੈ।