ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ( Simranjit Singh Mann ) ਨੇ ਕੇਂਦਰ ਅਤੇ ਕੁਝ ਸੂਬਾ ਸਰਕਾਰਾਂ ’ਤੇ ਸਿੱਖਾਂ ਨਾਲ ਵਿਤਕਰਾ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਵਪਾਰ ਲਈ ਪਾਕਿਸਤਾਨ ਦੀ ਅਟਾਰੀ ਸਰਹੱਦ ਖੋਲ੍ਹਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਪਾਰ ਨਾਲ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਵਧੇਰੇ ਲਾਭ ਹੋਵੇਗਾ, ਇਸੇ ਕਰਕੇ ਕੇਂਦਰ ਵੱਲੋਂ ਇਸ ਦੀ ਖੁੱਲ੍ਹ ਨਹੀਂ ਦਿੱਤੀ ਜਾ ਰਹੀ।
ਸਰਕਟ ਹਾਊਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ‘ਭਾਰਤ ਜੋੜੋ ਯਾਤਰਾ’ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਤਾਂ ਕਸ਼ਮੀਰ ਜਾਣ ਤੋਂ ਦੋ ਵਾਰ ਰੋਕ ਦਿੱਤਾ ਗਿਆ ਪਰ ਹੁਣ ਰਾਹੁਲ ਗਾਂਧੀ ਬਾਰੇ ਸਾਰੇ ਚੁੱਪ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਹੋਣ ਕਰਕੇ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਐੱਨਆਈਏ ਨੂੰ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਪੁਲੀਸ ਦੇ ਅਧਿਕਾਰੀ ਡੀਜੀਪੀ ਨੂੰ ਸਵਾਲ ਨਹੀਂ ਕਰ ਸਕਣਗੇ। ਇਸ ਲਈ ਨਿਰਪੱਖ ਜਾਂਚ ਲਈ ਇਹ ਮਾਮਲਾ ਐੱਨਆਈਏ ਹਵਾਲੇ ਕੀਤੇ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ’ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲ ਦੇ ਦੋਸ਼ ਦੁਹਰਾਉਂਦਿਆਂ ਮਾਨ ਨੇ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋਣ ’ਤੇ ਜ਼ੋਰ ਦਿੱਤਾ। ਇਸ ਮੌਕੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ, ਦਰਸ਼ਨ ਭਾਊ ਤੇ ਹੋਰ ਆਗੂ ਹਾਜ਼ਰ ਸਨ।