ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਿੱਖਾਂ ਦਾ ਸਰਵਉੱਚ ਤਖਤ ਹੈ। ਇੱਥੇ ਨਿਮਰਤਾ ਅਤੇ ਸਨਮਾਨ ਨਾਲ, ਸ਼ਹੀਦਾਂ ਦੀ ਯਾਦ ‘ਚ ਇਕਜੁੱਟ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼, ਗੈਰ ਜਾਇਜ਼ ਅਤੇ ਵੰਡ ਪੈਦਾ ਕਰਨ ਵਾਲੀ ਗੱਲ ਹੈ।
ਅਸੀਂ ਇਹੋ ਜਹੀ ਸ਼ਰਾਰਤ ਨਹੀਂ ਹੋਣ ਦਵਾਂਗੇ। ਮਾਨ ਨੇ ਇਤਿਹਾਸ ਦੀ ਯਾਦ ਦਿਲਾਉਂਦੇ ਹੋਏ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਨੇ ਹਮਲੇ ਕੀਤੇ ਤੇ ਉਹ ਚੜ੍ਹ ਕੇ ਆਏ ਸੀ ,ਪਰ ਇਹ ਤਖਤ ਅਟੱਲ ਰਿਹਾ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਾਬਾ ਹਰਨਾਮ ਸਿੰਘ ਧੁੰਮਾ ਇਸ ਤਖਤ ਦੀ ਮਰਿਆਦਾ ਨੂੰ ਬਣਾਈ ਰੱਖਣ ਅਤੇ ਆਪਣੇ ਬਿਆਨਾਂ ਵਿੱਚ ਸੰਜੀਦਗੀ ਅਤੇ ਸਤਿਕਾਰ ਨਿਭਾਊਣ।
ਉਨ੍ਹਾਂ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਹਰ ਸਾਲ 6 ਜੂਨ ਨੂੰ ਅਲੱਗ ਤੌਰ ‘ਤੇ ਦਮਦਮੀ ਟਕਸਾਲ ਮਹਿਤਾ ਵਿਖੇ ਸਮਾਗਮ ਕਰਨਾ ਵੀ ਸਹੀ ਨਹੀ ਹੈ। ਇਹ ਸਮਾਂ ਵੰਡ ਦਾ ਨਹੀਂ, ਏਕਤਾ ਦਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਕੀਤਾ ਜਾਵੇ, ਤਾਂ ਜੋ ਸਾਰੀ ਕੌਮ ਨੂੰ ਇੱਕ ਸੰਦੇਸ਼ ਦੀ ਇੱਕ ਹੀ ਅਵਾਜ਼ ਆਵੇ।