The Khalas Tv Blog Punjab ਜਥੇਦਾਰ ਹਰਪ੍ਰੀਤ ਸਿੰਘ ਦੀ ਸਰੰਡਰ ਵਾਲੀ ਸਲਾਹ ‘ਤੇ ਗਰਮ ਹੋਏ ਮਾਨ ! ਜਥੇਦਾਰ ਦੀ ਨਿਯੁਕਤੀ ‘ਤੇ ਚੁੱਕ ਦਿੱਤੇ ਸਵਾਲ
Punjab

ਜਥੇਦਾਰ ਹਰਪ੍ਰੀਤ ਸਿੰਘ ਦੀ ਸਰੰਡਰ ਵਾਲੀ ਸਲਾਹ ‘ਤੇ ਗਰਮ ਹੋਏ ਮਾਨ ! ਜਥੇਦਾਰ ਦੀ ਨਿਯੁਕਤੀ ‘ਤੇ ਚੁੱਕ ਦਿੱਤੇ ਸਵਾਲ

ਬਿਊਰੋ ਰਿਪੋਰਟ : ਤਖਤ ਦਮਦਮਾ ਸਾਹਿਬ ਵਿੱਚ ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਆਸੀ ਕਾਂਫਰੰਸ ਸਜਾਈ ਗਈ, ਇਸ ਮੌਕੇ ਪਾਰਟੀ ਦੇ ਪ੍ਰਧਾਨ ਅਤੇ ਐੱਮਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਨੂੰ ਲੈਕੇ ਵੱਡੇ ਬਿਆਨ ਦਿੱਤੇ । ਐੱਮਪੀ ਮਾਨ ਨੇ ਕਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਨ ਦੀ ਸਲਾਹ ਦੇ ਰਹੇ ਹਨ ਪਰ ਕਦੇ ਵੀ ਕਿਸੇ ਸਿੱਖ ਨੇ ਸਰੰਡਰ ਨਹੀਂ ਕੀਤਾ ਹੈ । ਉਨ੍ਹਾਂ ਕਿਹਾ ਸਿੱਖੀ ਵਿੱਚ ਹੱਥ ਖੜੇ ਕਰਨ ਦਾ ਕੋਈ ਨਿਯਮ ਨਹੀਂ ਹੈ,ਸਿਮਰਨਜੀਤ ਸਿੰਘ ਮਾਨ ਨੇ ਕਿਹਾ ਮੈਂ ਵੀ ਨੇਪਾਲ ਬਾਰਡਰ ਤੋਂ ਫੜਿਆ ਗਿਆ ਸੀ ਪਰ ਸਰੰਡਰ ਨਹੀਂ ਕੀਤਾ ਸੀ,ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਵੀ ਉਦਾਹਰਣ ਦਿੰਦੇ ਕਿਹਾ ਕਿ ਉਨ੍ਹਾਂ ਨੇ ਅਖੀਰਲੇ ਸਮੇਂ ਤੱਕ ਸਰੰਡਰ ਨਹੀਂ ਕੀਤਾ ਸੀ । ਐੱਮਪੀ ਮਾਨ ਨੇ ਅੰਮ੍ਰਿਤਪਾਲ ਸਿੰਘ ਨੂੰ ਵੀ ਸਲਾਹ ਦਿੱਤੀ ਕਿ ਉਹ ਸਰੰਡਰ ਨਾ ਕਰਨ। ਉਧਰ ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਦੀ ਨਿਯੁਕਤੀ ਨੂੰ ਲੈਕੇ ਵੀ ਸਵਾਲ ਖੜੇ ਕੀਤੇ ਹਨ ।

ਜਥੇਦਾਰ ਦੀ ਨਿਯੁਕਤੀ ‘ਤੇ ਸਵਾਲ

ਸੰਗਰੂਰ ਤੋਂ ਲੋਕਸਭਾ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਤਖਤ ਦਮਦਮਾ ਸਾਹਿਬ ਦੀ ਸਿਆਸੀ ਕਾਂਫਰੰਸ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਦੀ ਨਿਯੁਕਤੀ ਨੂੰ ਲੈਕੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ SGPC ਦੀਆਂ ਚੋਣਾਂ ਹੋਏ 12 ਸਾਲ ਬੀਤੇ ਚੁੱਕੇ ਹਨ ਅਜਿਹੇ ਵਿੱਚ ਉਹ ਜਥੇਦਾਰ ਦੀ ਨਿਯੁਕਤੀ ਨਹੀਂ ਕਰ ਸਕਦੇ ਹਨ । ਕਾਨੂੰਨ ਦੇ ਮੁਤਾਬਿਕ ਵੀ ਇਹ ਠੀਕ ਨਹੀਂ ਹੈ। SGPC ਵੱਲੋਂ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ । 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸੀ। ਪਰ ਸਹਿਜਧਾਰੀਆਂ ਵੱਲੋਂ ਵੋਟਿੰਗ ਦੇ ਅਧਿਕਾਰ ਨਾ ਮਿਲਣ ਦੀ ਵਜ੍ਹਾ ਕਰਕੇ ਇਸ ਨੂੰ ਪਹਿਲਾਂ ਹਾਈਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। 2016 ਨੂੰ ਪਾਰਲੀਮੈਂਟ ਨੇ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਸਹਿਜਧਾਰੀ ਦੇ ਵੋਟਿੰਗ ਅਧਿਕਾਰ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਐੱਸਜੀਪੀਸੀ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਸਹਿਜਧਾਰੀਆਂ ਨੂੰ ਵੋਟਿੰਗ ਦੇ ਅਧਿਕਾਰ ਤੋਂ ਬਾਹਰ ਕਰ ਦਿੱਤਾ ਸੀ। ਉਸ ਵੇਲੇ ਐੱਸਜੀਪੀਸੀ ਨੇ ਕਿਹਾ ਸੀ ਕਿਉਂਕਿ 2016 ਵਿੱਚ ਕਮੇਟੀ ਨੂੰ ਮਨਜ਼ੂਰੀ ਮਿਲੀ ਹੈ ਇਸ ਲਈ 2011 ਦੀ ਕਮੇਟੀ ਦਾ ਕਾਰਜਕਾਲ 2016 ਤੋਂ ਸ਼ੁਰੂ ਹੋਵੇਗਾ। ਪਰ ਇਸ ਦੇ ਮੁਤਾਬਿਕ ਵੀ ਕਮੇਟੀ ਦਾ ਕਾਰਜਕਾਲ 2021 ਵਿੱਚ ਖਤਮ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਚੋਣਾਂ ਨੂੰ ਲੈਕੇ ਕੋਈ ਵੀ ਸਰਗਰਮੀ ਨਜ਼ਰ ਨਹੀਂ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਣਾ ਹੈ ।

 

Exit mobile version