ਦਿੱਲੀ ਹਾਈਕੋਰਟ ਨੇ ਘਰੇਲੂ ਉਡਾਣਾਂ ਵਿੱਚ ਕਿਰਪਾਨ ਦੀ ਇਜਾਜ਼ਤ ਦੇਣ ਖਿਲਾਫ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ
‘ਦ ਖ਼ਾਲਸ ਬਿਊਰੋ :- ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਘਰੇਲੂ ਉਡਾਣਾਂ ਵਿੱਚ ਕਿਰਪਾਨ ਪਾਉਣ ਦੀ ਇਜਾਜ਼ਤ ਦੇਣ ਦੇ ਖਿਲਾਫ਼ ਪਾਈ ਪਟੀਸ਼ਨ ‘ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਇਸ ਨੂੰ ਲੈ ਕੇ ਭੜਕ ਗਏ ਹਨ। ਉਨ੍ਹਾਂ ਦੇ ਬਿਆਨ ਨਾਲ ਵਿਵਾਦ ਖੜਾ ਹੋ ਗਿਆ ਹੈ। MP ਮਾਨ ਨੇ ਕਿਹਾ ਕਿ ਹਿੰਦੂਆਂ ਦੇ ਜਨੇਊ ਪਾਉਣ ਨਾਲ ਹੀ ਪਲੇਨ ਹਾਈਜੈੱਕ ਹੋ ਸਕਦਾ ਹੈ। ਜਨੇਊ ਨਾਲ ਕਿਸੇ ਦਾ ਗਲਾ ਵੀ ਕੱਟਿਆ ਜਾ ਸਕਦਾ ਹੈ, ਕੋਈ ਜ਼ਖ਼ਮੀ ਵੀ ਕਰ ਸਕਦਾ ਹੈ, ਉਸ ਨਾਲ ਡਰਾ ਵੀ ਸਕਦਾ ਹੈ, ਫਿਰ ਆਖਿਰ ਕਿਰਪਾਨ ‘ਤੇ ਹੀ ਬੈਨ ਲਗਾਉਣ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ।
ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ MP ਮਾਨ ਨੇ ਦਲੀਲ ਦਿੱਤੀ ਕਿ ਜਿਸ ਨੇ ਸ਼ਰਾਰਤ ਕਰਨੀ ਹੈ, ਉਹ ਚੀਨ ਦਾ ਧਾਗਾ ਪਾ ਕੇ ਵੀ ਜਾ ਸਕਦਾ ਹੈ। ਧਮਕੀ ਦੇ ਸਕਦਾ ਹੈ ਕਿ ਧੌਣ ਕੱਟ ਦੇਵਾਂਗਾ। ਪਲੇਨ ਨੂੰ ਹਾਈਜੈੱਕ ਵੀ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਮੈਨੂੰ ਇਹ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਪਾਉਣ ਤੋਂ ਰੋਕਿਆ ਗਿਆ ਤਾਂ ਫਿਰ ਹਿੰਦੂਆਂ ਦੇ ਜਨੇਊ ਵੀ ਨਾਲ ਹੀ ਉਤਾਰੇ ਜਾਣਗੇ।
ਪਹਿਲਾਂ ਕਿਰਪਾਨ ‘ਤੇ ਪਾਬੰਦੀ ਫਿਰ ਇਜਾਜ਼ਤ
ਕੇਂਦਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਿੱਖ ਮੁਲਾਜ਼ਮਾਂ ਅਤੇ ਯਾਤਰੀਆਂ ਦੇ ਕਿਰਪਾਨ ਪਾਉਣ ‘ਤੇ ਰੋਕ ਲਗਾਈ ਸੀ ਪਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵਿਰੋਧ ਤੋਂ ਬਾਅਦ ਨਵਾਂ ਨੋਟੀਫਿਕੇਸ਼ਨ ਜਾਰੀ ਕਰਦੇ ਇਹ ਰੋਕ ਹਟਾ ਲਈ ਗਈ ਸੀ। ਨਵੇਂ ਨੋਟੀਫਿਕੇਸ਼ਨ ਵਿੱਚ ਕਿਰਪਾਨ ਰੱਖਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਕਿਰਪਾਨ ਦੇ ਬਲੇਡ ਦੀ ਲੰਬਾਈ 6 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ ਜਦਕਿ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਦੱਸੀ ਗਈ ਸੀ। ਕੌਮਾਂਤਰੀ ਉਡਾਣਾਂ ਵਿੱਚ ਪਹਿਲਾਂ ਹੀ ਕਿਰਪਾਨ ਲਿਜਾਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਪਰ ਕੁਝ ਸਮੇਂ ਪਹਿਲਾਂ ਇੱਕ ਸਿੱਖ ਮਹਿਲਾ ਨੇ ਸ਼ਿਕਾਇਤ ਕੀਤੀ ਸੀ ਕਿ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਕੁਨੈਕਟਿਡ ਕੌਮਾਂਤਰੀ ਉਡਾਣਾਂ ਵਿੱਚ ਵੀ ਕਿਰਪਾਨ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਏਅਰਪੋਰਟ ਅਥਾਰਿਟੀ ਨੇ ਜਵਾਬ ਵਿੱਚ ਕਿਹਾ ਸੀ ਕਿ ਕਿਉਂਕਿ ਕਨੈਕਟਿਡ ਫਲਾਇਟਾਂ ‘ਤੇ ਕੌਮਾਂਤਰੀ ਨਿਯਮ ਲਾਗੂ ਹੁੰਦੇ ਹਨ, ਇਸ ਲਈ ਕਿਰਪਾਨ ਪਾਉਣ ਦੀ ਇਜਾਜ਼ਤ ਨਹੀਂ ਹੈ।