Lok Sabha Election 2024 Punjab

MP ਮਾਨ ਨੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ! ਸੰਗਰੂਰ ਸੀਟ ‘ਤੇ ਮਿਲੇਗਾ ਡਬਲ ਫਾਇਦਾ!

ਬਿਉਰੋ ਰਿਪੋਰਟ – ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਦੀ ਨਾਮਜ਼ਦਗੀ ਮਨਜ਼ੂਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਆਪਣਾ ਦਾਅਵਾ ਵਾਪਸ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਣੀ ਨਾਮਜ਼ਦਗੀ ਵਾਪਸ ਲਈ ਅਤੇ ਅਰਦਾਸ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਸੰਗਤ ਜੇਤੂ ਬਣਾਏ।

ਹਰਪਾਲ ਸਿੰਘ ਬਲੇਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਉਹ ਅਗਲੇ 15 ਦਿਨ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਡੱਟ ਕੇ ਪ੍ਰਚਾਰ ਕਰਨ। ਅੰਮ੍ਰਿਤਪਾਲ ਸਿੰਘ ਨੇ ਜਦੋਂ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਤਾਂ ਸਿਰਮਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੀ ਉਮੀਦਵਾਰੀ ਵਾਪਸ ਲੈਣ ਦਾ ਵਾਅਦਾ ਕਰਦੇ ਹੋਏ ਇੱਕ ਸ਼ਰਤ ਰੱਖੀ ਸੀ। ਐੱਮਪੀ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਉਮੀਦਵਾਰ ਪਰਚਾ ਜ਼ਰੂਰ ਭਰੇਗਾ,ਕਿਉਂਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਰੱਦ ਹੋ ਜਾਵੇ, ਜੇਕਰ ਮਨਜ਼ੂਰ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਹਰਪਾਲ ਸਿੰਘ ਬਲੇਰ ਪਿੱਛੇ ਹੱਟ ਜਾਵੇਗਾ। ਐੱਮਪੀ ਮਾਨ ਦਾ ਇਹ ਫੈਸਲਾ ਉਨ੍ਹਾਂ ਨੂੰ ਡਬਲ ਫਾਇਦਾ ਪਹੁੰਚਾ ਸਕਦਾ ਹੈ।

ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਨਾਂ ਵਾਪਸ ਲੈਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਸੰਗਰੂਰ ਸੀਟ ‘ਤੇ ਵੀ ਫਾਇਦਾ ਹੋ ਸਕਦਾ ਹੈ। ਜਿਹੜੇ ਪੰਥਕ ਵੋਟ ਹਨ ਉਨ੍ਹਾਂ ਨੂੰ ਭੁਗਤ ਸਕਦੇ ਹਨ, ਜਿਸ ਦਾ ਸਿੱਧਾ ਨੁਕਸਾਨ ਅਕਾਲੀ ਦਲ ਦੇ ਨਾਲ ਕਾਂਗਰਸ ਨੂੰ ਵੀ ਹੋ ਸਕਦਾ ਹੈ। ਕਿਉਂਕਿ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਵੀ ਪੰਥਕ ਵੋਟ ਵੀ ਚੰਗਾ ਅਧਾਰ ਹੈ।

ਇਹ ਵੀ ਪੜ੍ਹੋ – ‘ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਅਖੀਰਲੇ ਦਿਨਾਂ ‘ਚ ਮੇਰੇ ਨਾਲ ਸੀ’! ‘ਹੁਣ ਤੁਸੀਂ ਪਲਟੀ ਮਾਰ ਲਈ’!