Punjab

ਸਿਮਰਜੀਤ ਸਿੰਘ ਬੈਂਸ ਬਦਲਣਗੇ ਪਾਲਾ ! ਵੱਡੀ ਸਿਆਸੀ ਪਾਰਟੀ ‘ਚ ਸ਼ਾਮਲ ਹੋ ਕੇ ਬਿੱਟੂ ਨੂੰ ਦੇਣਗੇ ਚੁਣੌਤੀ

ਬਿਉਰੋ ਰਿਪੋਰਟ : ਲੁਧਿਆਣਾ ਲੋਕਸਭਾ ਦੀ ਚੋਣ ਦਿਲਚਸਪ ਹੋਣ ਵਾਲੀ ਹੈ । 3 ਵਾਰ ਦੇ ਕਾਂਗਰਸੀ ਐੱਮਪੀ ਰਨਵੀਤ ਸਿੰਘ ਬਿੱਟੂ ਦੇ ਪਾਲਾ ਬਦਲ ਕੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਬੈਂਸ ਵੀ ਪਾਲਾ ਬਦਲ ਰਹੇ ਹਨ । ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ । ਲੁਧਿਆਣਾ ਵਿੱਚ ਕਾਂਗਰਸ ਨੇ ਇਸ ਦੇ ਲਈ ਪੂਰਾ ਗਰਾਉਂਡ ਤਿਆਰ ਕਰ ਲਿਆ ਹੈ । 9 ਹਲਕਿਆਂ ਦੇ ਇੰਚਾਰਜ ਨੇ ਬਿੱਟੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਹਰੀ ਝੰਡੀ ਦੇ ਦਿੱਤੀ ਹੈ । ਬੈਂਸ ਕਾਂਗਰਸ ਦੇ ਲਈ ਮਜ਼ਬੂਤ ਉਮੀਦਵਾਰ ਸਾਬਿਤ ਹੋ ਸਕਦੇ ਹਨ । ਕਿਉਂਕਿ 2014 ਅਤੇ 2019 ਦੀਆਂ ਲੋਕਸਭਾ ਸੀਟਾਂ ਵਿੱਚ ਉਨ੍ਹਾਂ ਨੇ ਇਕੱਲੇ ਆਪਣੇ ਦਮ ‘ਤੇ ਰਨਵੀਤ ਬਿੱਟੂ ਨੂੰ ਕਰੜੀ ਟੱਕਰ ਦਿੱਤੀ ਸੀ ਅਤੇ ਦੂਜੇ ਨੰਬਰ ‘ਤੇ ਰਹੇ ਸੀ । 2019 ਵਿੱਚ ਬਿੱਟੂ ਦੇ 22.8 ਫੀਸਦੀ ਵੋਟ ਸ਼ੇਅਰ ਦੇ ਮੁਕਾਬਲੇ ਬੈਂਸ ਨੂੰ 18.26 ਫੀਸਦੀ ਵੋਟ ਹਾਸਲ ਹੋਏ ਸਨ । ਰਵਨੀਤ ਬਿੱਟੂ ਨੂੰ 3,83,795 ਵੋਟ ਮਿਲੇ ਸਨ ਜਦਕਿ ਦੂਜੇ ਨੰਬਰ ਤੇ ਰਹੇ ਸਿਮਰਜੀਤ ਸਿੰਘ ਬੈਂਸ ਨੂੰ 3,07423 ਵੋਟ ਮਿਲੇ ਸਨ ।

ਉਧਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਸਿਮਰਜੀਤ ਸਿੰਘ ਬੈਂਸ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਵੀ ਅੱਜ ਮੁਲਾਕਾਤ ਕਰ ਸਕਦੇ ਹਨ । ਆਮ ਆਦਮੀ ਪਾਰਟੀ ਨੇ ਵੀ ਹੁਣ ਤੱਕ ਲੁਧਿਆਣਾ ਤੋਂ ਆਪਣਾ ਉਮੀਦਵਾਰ ਨਹੀਂ ਦਿੱਤਾ ਹੈ । ਸਿਮਰਜੀਤ ਸਿੰਘ ਬੈਂਸ ਜ਼ਬਰਜਨਾਹ ਦੇ ਮਾਮਲੇ ਵਿੱਚ ਕਈ ਮਹੀਨੇ ਜੇਲ੍ਹ ਰਹੇ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਉਹ ਆਪ ਵੀ ਹਾਰੇ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਵੀ ਹਾਰ ਗਏ । ਪਰ ਇਸ ਦੇ ਬਾਵਜੂਦ 2 ਵਾਰ ਦੇ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ ਦੀ ਲੁਧਿਆਣਾ ਵਿੱਚ ਤਾਕਤ ਨੂੰ ਵਿਰੋਧੀ ਵੀ ਸਮਝ ਦੇ ਹਨ । ਇਸੇ ਲਈ ਉਨ੍ਹਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ । ਪਰ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਦੇ ਜਾਣ ਦੀ ਉਮੀਦ ਘੱਟ ਹੀ ਹੈ,ਕਿਉਂਕਿ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਰਵਨੀਤ ਬਿੱਟੂ ਅਤੇ ਭਗਵੰਤ ਮਾਨ ਵਿਚਾਲੇ ਆਪਣੀ ਸਮਝੌਤਾ ਹੈ ਪਾਰਟੀ ਬਿੱਟੂ ਦੇ ਖਿਲਾਫ ਮਜ਼ਬੂਤ ਉਮੀਦਵਾਰ ਸ਼ਾਇਦ ਨਾ ਦੇਵੇ । ਇਸ ਤੋਂ ਇਲਾਵਾ ਬੈਂਸ ਭਰਾਵਾਂ ਦਾ ਸੁਭਾਅ ਵੀ ਸੁਖਪਾਲ ਸਿੰਘ ਖਹਿਰਾ ਵਰਗਾ ਹੈ ਜਿੰਨਾਂ ਦੇ ਸਿਆਸੀ ਕਦਮ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। 2017 ਤੋਂ 2022 ਤੱਕ ਬੈਂਸ ਅਤੇ ਖਹਿਰਾ ਇੱਕ ਹੀ ਪਾਲੇ ਵਿੱਚ ਰਹੇ ਸਨ ।

ਬੀਜੇਪੀ ਦੇ ਉਮੀਦਾਵਰ ਰਨਵੀਤ ਸਿੰਘ ਬਿੱਟੂ ਨਾਲ ਬੈਂਸ ਭਰਾਵਾਂ ਦਾ ਵੀ ਲੁਧਿਆਣਾ ਵਿੱਚ ਵੱਡਾ ਕੱਦ ਹੈ । ਸ਼ਹਿਰ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਵਿੱਚ ਉਨ੍ਹਾਂ ਦਾ ਕਾਫੀ ਅਧਾਰ ਹੈ । 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਚਰਚਾ ਸੀ ਕਿ ਬੈਂਸ ਭਰਾ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ । ਪਰ ਬੈਂਸ ਭਰਾ ਆਪਣੇ ਇਲਾਵਾ ਹਮਾਇਤੀਆਂ ਲਈ ਵੀ ਸੀਟ ਮੰਗ ਰਹੇ ਸਨ ਜਿਸ ਦੀ ਵਜ੍ਹਾ ਕਰਕੇ ਗੱਲ ਨਹੀਂ ਬਣ ਸਕੀ ਅਤੇ ਉਹ ਬੀਜੇਪੀ ਵਿੱਚ ਨਹੀਂ ਗਏ । ਬੈਂਸ ਭਰਾਵਾਂ ਨੇ ਆਪਣਾ ਸਿਆਸੀ ਪਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਫਿਰ ਬਾਅਦ ਵਿੱਚੋਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । 2007 ਤੋਂ 2012 ਤੱਕ ਸਿਮਰਜੀਤ ਸਿੰਘ ਬੈਂਸ ਅਤੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਵਿੱਚ ਰਹੇ । ਪਰ 2012 ਵਿੱਚ ਵੱਡੇ ਭਰਾ ਨੂੰ ਟਿਕਟ ਨਾ ਮਿਲਣ ਦੀ ਵਜ੍ਹਾ ਕਰਕੇ ਦੋਵੇ ਭਰਾਵਾਂ ਨੇ ਅਜ਼ਾਦ ਚੋਣ ਲੜੀ ਅਤੇ ਫਿਰ ਜਿੱਤੀ । 2017 ਵਿੱਚ ਬੈਂਸ ਭਰਾਵਾਂ ਨੇ ਲੋਕ ਇਨਸਾਫ ਪਾਰਟੀ ਬਣਾਈ ਅਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ । ਸੀਟ ਸ਼ੇਅਰਿੰਗ ਵਿੱਚ ਸਿਰਫ਼ ਬੈਂਸ ਭਰਾ ਹੀ ਜਿੱਤ ਸਕੇ ।