ਬਿਊਰੋ ਰਿਪੋਰਟ (13 ਅਕਤੂਬਰ, 2025): ਤਿਉਹਾਰਾਂ ਦੇ ਦਿਨਾਂ ਦੌਰਾਨ 13 ਅਕਤੂਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਤਿਹਾਸਕ ਉੱਚਾਈ ’ਤੇ ਪਹੁੰਚ ਗਈਆਂ। ਇੰਡੀਆ ਬੁਲਿਅਨ ਐਂਡ ਜੁਐਲਰਜ਼ ਐਸੋਸੀਏਸ਼ਨ (IBJA) ਮੁਤਾਬਕ, ਚਾਂਦੀ ਦੀ ਕੀਮਤ ਇੱਕ ਦਿਨ ਵਿੱਚ ₹10,825 ਵਧ ਕੇ ₹1,75,325 ਪ੍ਰਤੀ ਕਿਲੋ ਹੋ ਗਈ, ਜਦਕਿ ਸ਼ੁੱਕਰਵਾਰ ਨੂੰ ਇਹ ₹1,64,500 ਸੀ।
ਦੂਜੇ ਪਾਸੇ, 24 ਕੈਰਟ ਸੋਨੇ ਦੀ ਕੀਮਤ ₹2,630 ਵਧ ਕੇ ₹1,24,155 ਪ੍ਰਤੀ 10 ਗ੍ਰਾਮ ਹੋ ਗਈ। ਸ਼ੁੱਕਰਵਾਰ ਨੂੰ ਇਹ ₹1,21,525 ਸੀ। ਮਾਹਰਾਂ ਦੇ ਅਨੁਸਾਰ, ਤਿਉਹਾਰੀ ਮੌਸਮ, ਉਦਯੋਗਿਕ ਮੰਗ ਅਤੇ ਵਿਸ਼ਵ ਪੱਧਰ ’ਤੇ ਸਪਲਾਈ ਘੱਟ ਹੋਣ ਕਾਰਨ ਚਾਂਦੀ ਦੀ ਕੀਮਤ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ।
ਇਸ ਸਾਲ ਹੁਣ ਤੱਕ ਸੋਨਾ ₹47,993 ਅਤੇ ਚਾਂਦੀ ₹89,308 ਮਹਿੰਗੀ ਹੋ ਚੁੱਕੀ ਹੈ। ਪਿਛਲੇ ਸਾਲ ਦੇ ਅੰਤ ’ਤੇ 24 ਕੈਰਟ ਸੋਨਾ ₹76,162 ਪ੍ਰਤੀ 10 ਗ੍ਰਾਮ ਅਤੇ ਚਾਂਦੀ ₹86,017 ਪ੍ਰਤੀ ਕਿਲੋ ਸੀ, ਜੋ ਹੁਣ ਕ੍ਰਮਵਾਰ ₹1,24,155 ਅਤੇ ₹1,75,325 ’ਤੇ ਪਹੁੰਚ ਗਈ ਹੈ।
ਗੋਲਡਮੈਨ ਸੈਕਸ ਦੀ ਹਾਲੀਆ ਰਿਪੋਰਟ ਅਨੁਸਾਰ, ਅਗਲੇ ਸਾਲ ਤੱਕ ਸੋਨੇ ਦੀ ਕੀਮਤ ₹1,55,000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਜਦਕਿ ਬ੍ਰੋਕਰੇਜ ਫਰਮ ਪੀ.ਐਲ. ਕੈਪੀਟਲ ਦੇ ਡਾਇਰੈਕਟਰ ਸੰਦੀਪ ਰਾਏਚੂਰਾ ਦਾ ਕਹਿਣਾ ਹੈ ਕਿ ਸੋਨਾ ₹1,44,000 ਪ੍ਰਤੀ 10 ਗ੍ਰਾਮ ਤੱਕ ਵੀ ਜਾ ਸਕਦਾ ਹੈ।