India

ਸਿੱਕਮ ‘ਚ ਹੜ੍ਹ ਕਾਰਨ 22 ਫੌਜੀ ਜਵਾਨਾਂ ਸਮੇਤ 98 ਲੋਕ ਲਾਪਤਾ…

Sikkim: At least 18 dead, 98 missing including 22 army personnel due to flood

ਸਿੱਕਮ ਦੇ ਤੀਸਤਾ ਨਦੀ ਬੇਸਿਨ ਵਿੱਚ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਪੁਲ ਦੇ ਅਚਾਨਕ ਡਿੱਗਣ ਕਾਰਨ ਕਈ ਲੋਕ ਵਹਿ ਗਏ। ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।

ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਫ਼ੌਜ ਦੇ 22 ਜਵਾਨਾਂ ਸਮੇਤ 98 ਲੋਕ ਅਜੇ ਵੀ ਲਾਪਤਾ ਹਨ। ਰਾਜ ਦੇ ਮੁੱਖ ਸਕੱਤਰ ਵੀ.ਬੀ. ਪਾਠਕ ਨੇ ਕਿਹਾ ਕਿ ਉੱਤਰੀ ਸਿੱਕਮ ਵਿੱਚ ਲੋਨਾਕ ਝੀਲ ਉੱਤੇ ਬੁੱਧਵਾਰ ਤੜਕੇ ਬੱਦਲ ਫਟਣ ਕਾਰਨ ਭਾਰੀ ਮੀਂਹ ਪਿਆ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ।

ਹੜ੍ਹਾਂ ਕਾਰਨ ਚੁੰਗਥਾਂਗ ਸ਼ਹਿਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿਸ ਦਾ 80 ਫੀਸਦੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਾਜ ਲਈ ਬਹੁਤ ਮਹੱਤਵਪੂਰਨ ਹਾਈਵੇਅ ਨੰਬਰ 10 ਦੇ ਕਈ ਹਿੱਸੇ ਵੀ ਨੁਕਸਾਨੇ ਗਏ ਹਨ। ਮਾਂਗਨ ਜ਼ਿਲ੍ਹੇ ਵਿੱਚ ਲਗਭਗ 10,000 ਲੋਕ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ, ਜਦੋਂ ਕਿ ਪਾਕਯੋਂਗ ਵਿੱਚ 6,895, ਨਾਮਚੀ ਵਿੱਚ 2,579 ਅਤੇ ਗੰਗਟੋਕ ਵਿੱਚ 2,570 ਲੋਕ ਪ੍ਰਭਾਵਿਤ ਹੋਏ ਹਨ।

ਹੜ੍ਹਾਂ ਕਾਰਨ ਸੂਬੇ ਦੇ 11 ਪੁਲ ਰੁੜ੍ਹ ਗਏ, ਜਿਨ੍ਹਾਂ ਵਿਚ ਇਕੱਲੇ ਮਾਂਗਨ ਜ਼ਿਲ੍ਹੇ ਦੇ ਅੱਠ ਪੁਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਨਾਮਚੀ ਵਿੱਚ ਦੋ ਅਤੇ ਗੰਗਟੋਕ ਵਿੱਚ ਇੱਕ ਪੁਲ ਵਹਿ ਗਿਆ। ਰਾਜ ਦੇ ਚਾਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਾਣੀ ਦੀਆਂ ਪਾਈਪਾਂ, ਸੀਵਰੇਜ ਲਾਈਨਾਂ ਅਤੇ 277 ਕੱਚੇ ਅਤੇ ਪੱਕੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਕੋਲਕਾਤਾ ਵਿੱਚ ਪੱਛਮੀ ਬੰਗਾਲ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, “ਅਠਾਰਾਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ ਛੇ ਲਾਸ਼ਾਂ – ਚਾਰ ਸੈਨਿਕਾਂ ਅਤੇ ਦੋ ਨਾਗਰਿਕਾਂ ਦੀ ਪਛਾਣ ਕੀਤੀ ਗਈ ਹੈ। ਬਾਕੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।