ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਖ਼ਬਰ ਹੈ ਕਿ ਜੰਮੂ-ਕਸ਼ਮੀਰ ਦੇ ਸਿੱਖ ਆਪਣੇ ਮੁੱਦਿਆਂ ਨਾਲ ਚੋਣ ਮੈਦਾਨ ਵਿੱਚ ਉੱਤਰਨਗੇ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਉਹ ਬਹੁਗਿਣਤੀ ਦੀ ਮਦਦ ਨਾਲ ਜੰਮੂ ਅਤੇ ਕਸ਼ਮੀਰ ਦੀਆਂ ਅੱਠ ਤੋਂ ਬਾਰਾਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਸਕਦੇ ਹਨ।
ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਦੱਸਿਆ ਕਿ ਹੁਣ ਤੱਕ ਜੰਮੂ ਅਤੇ ਕਸ਼ਮੀਰ ਵਿੱਚ ਕਈ ਸਿਆਸੀ ਪਾਰਟੀਆਂ ਆਈਆਂ ਹਨ ਪਰ ਕਿਸੇ ਨੇ ਵੀ ਸਿੱਖਾਂ ਦੀ ਬਾਂਹ ਨਹੀਂ ਫੜੀ ਸਗੋਂ ਸਿੱਖਾਂ ਨੂੰ ਸਿਰਫ ਆਪਣੇ ਵੋਟ ਬੈਂਕ ਲਈ ਵਰਤਿਆ ਹੈ ਜਿਸ ਦਾ ਸਿੱਟਾ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਦਾ ਹਾਲੇ ਤੱਕ ਕੋਈ ਪੁਖ਼ਤਾ ਹੱਲ ਨਹੀਂ ਨਿਕਲ ਸਕਿਆ।ਘੱਟ ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਨਹੀਂ ਮਿਲ ਸਕਿਆ।
ਰੈਣਾ ਨੇ ਜੰਮੂ-ਕਸ਼ਮੀਰ ਵਿੱਚ ਵੱਸਦੇ ਬਹੁ ਗਿਣਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਕਸ਼ਮੀਰੀਅਤ ਦੇ ਭਲੇ ਲਈ ਸਿੱਖ ਭਾਈਚਾਰੇ ਨੂੰ ਸਮਰਥਨ ਦਿੱਤਾ ਜਾਵੇ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਸਬੰਧੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਸ਼ਮੀਰ ਘਾਟੀ ਦੀਆਂ ਚਾਰ ਸੀਟਾਂ ’ਤੇ ਨਜ਼ਰ ਬਣਾਈ ਹੋਈ ਹੈ ਜਿੱਥੇ ਸਿੱਖਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਵਿੱਚ ਪੁਲਵਾਮਾ ਦੀ ਤਰਾਲ ਸੀਟ, ਬਾਰਾਮੁੱਲਾ, ਸ੍ਰੀਨਗਰ ਅਤੇ ਅਮੀਰਾ ਕਦਲ ਵਿਧਾਨ ਸਭਾ ਖੇਤਰ ਸ਼ਾਮਲ ਹਨ। ਪੁਲਵਾਮਾ ਵਿੱਚ ਲਗਪਗ 14 ਹਜ਼ਾਰ, ਬਾਰਾਮੁੱਲਾ ਵਿੱਚ ਲਗਪਗ 17 ਹਜ਼ਾਰ, ਸ੍ਰੀਨਗਰ ਅਤੇ ਅਮੀਰਾ ਕਦਲ ਵਿੱਚ ਕ੍ਰਮਵਾਰ ਸੱਤ ਅਤੇ ਅੱਠ ਹਜ਼ਾਰ ਸਿੱਖ ਰਹਿੰਦੇ ਹਨ।