International Punjab

ਤਾਲਿਬਾਨ ਤੇ ਕੱਟੜਵਾਦੀ ਤਾਕਤਾਂ ਨਾਲ ਸਿੱਖਾਂ ਦਾ ਕੋਈ ਵਾਹ-ਵਾਸਤਾ ਨਹੀਂ : ਗਿਆਨੀ ਰਘਬੀਰ ਸਿੰਘ

Sikhs have nothing to do with Taliban and extremist forces: Giani Raghbir Singh

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ ਨੇ ਯੂ.ਕੇ. ਵਿਚ ਕੁਝ ਸਕੂਲਾਂ ਦੇ ਧਾਰਮਿਕ ਸਿੱਖਿਆ ਦੇ ਪਾਠਕ੍ਰਮ ਵਿਚ ਤਾਲਿਬਾਨ ਅਤੇ ਕੂ-ਕਲੱਕਸ ਕਲੈਨ ਵਰਗੇ ਕੱਟੜਵਾਦੀ ਸਮੂਹਾਂ ਦੇ ਨਾਲ ਸਿੱਖੀ ਸਰੂਪ ਵਾਲੀਆਂ ਤਸਵੀਰਾਂ ਲਾਏ ਜਾਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ‘ਸਰਬੱਤ ਦਾ ਭਲਾ’ ਮੰਗਣ ਵਾਲੀ ਪੂਰੀ ਦੁਨੀਆ ਤੋਂ ਵੱਖਰੀ ਅਤੇ ਨਿਆਰੀ ਕੌਮ ਹਨ ਅਤੇ ਤਾਲਿਬਾਨ ਅਤੇ ਕੂ ਕਲੱਕਸ ਕਲੈਨ ਵਰਗੀਆਂ ਕੱਟੜਵਾਦੀ ਤਾਕਤਾਂ ਦੇ ਨਾਲ ਸਿੱਖਾਂ ਦਾ ਦੂਰ-ਦੂਰ ਤੱਕ ਵੀ ਕੋਈ ਵਾਸਤਾ ਨਹੀਂ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਯੂ.ਕੇ. ਦੇ ਸਕੂਲਾਂ ਦੇ ਪਾਠਕ੍ਰਮ ਵਿਚ ਸਿੱਖੀ ਸਰੂਪ ਨੂੰ ਤਾਲਿਬਾਨ ਦੇ ਨਾਲ ਜੋੜ ਕੇ ਵਿਖਾਏ ਜਾਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਬੁਰੀ ਤਰ੍ਹਾਂ ਵਲੂੰਧਰੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਬੇਸ਼ੱਕ ਯੂ.ਕੇ. ਦੇ ਸਿੱਖਾਂ ਵਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ ‘ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ’ ਵਲੋਂ ਆਪਣੀ ਗਲਤੀ ਲਈ ਮਾਫ਼ੀ ਮੰਗਦਿਆਂ ਇਤਰਾਜ਼ਯੋਗ ਤਰੀਕੇ ਨਾਲ ਲਾਈ ਤਸਵੀਰ ਨੂੰ ਹਟਾਉਣ ਦਾ ਦਾਅਵਾ ਕੀਤਾ ਗਿਆ ਹੈ

ਪਰ ਕਿਸੇ ਭੁਲੇਖੇ ਜਾਂ ਗ਼ਲਤੀ ਨਾਲ ਵੀ ਕਿਸੇ ਸਿੱਖ ਦੀ ਤਸਵੀਰ ਨੂੰ ਉਨ੍ਹਾਂ ਸਮੂਹਾਂ ਦੇ ਨਾਲ ਦਿਖਾਇਆ ਜਾਣਾ, ਜਿਨ੍ਹਾਂ ਨੂੰ ਅਤਿਵਾਦ ਅਤੇ ਕਤਲੇਆਮ ਵਰਗੇ ਵਰਤਾਰਿਆਂ ਵਜੋਂ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ, ਸਿਰਫ ਬੇਬੁਨਿਆਦ ਕਾਰਵਾਈ ਹੀ ਨਹੀਂ, ਬਲਕਿ ਇਹ ਸਿੱਖ ਵਿਰੋਧੀ ਕੱਟੜਤਾ ਦਾ ਖ਼ਤਰਨਾਕ ਰੂਪ ਹੈ, ਜੋ ਵਿਸ਼ਵ-ਵਿਆਪੀ ਸਿੱਖ ਕੌਮ ਦੇ ਭਵਿੱਖ ‘ਤੇ ਦੂਰਗਾਮੀ ਮਾੜੇ ਪ੍ਰਭਾਵ ਪਾਉਂਦੀ ਹੈ।

ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਭਾਰਤ ਸਥਿਤ ਯੂ.ਕੇ. ਦੂਤਾਵਾਸ ਅਤੇ ਭਾਰਤੀ ਵਿਦੇਸ਼ ਮੰਤਰਾਲੇ ਰਾਹੀਂ ਯੂ.ਕੇ. ਸਰਕਾਰ ਨਾਲ ਸੰਪਰਕ ਕਰਕੇ ਉਸ ਤੱਕ ਸਿੱਖ ਭਾਵਨਾਵਾਂ ਪਹੁੰਚਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਰੂਪ ਵਿਚ ਸਿੱਖਾਂ ਨੂੰ ਕਿਸੇ ਵੀ ਇਹੋ ਜਿਹੀ ਕਾਰਵਾਈ ਦੇ ਨਾਲ ਨਾ ਜੋੜਿਆ ਜਾਵੇ, ਜਿਸ ਦੇ ਨਾਲ ਸਿੱਖਾਂ ਦੇ ਜੀਣ-ਥੀਣ, ਉਨ੍ਹਾਂ ਦੇ ਰਹਿਣ-ਸਹਿਣ ਅਤੇ ਵਿਚਾਰਧਾਰਾ ਪ੍ਰਤੀ ਵੱਡੇ ਭੁਲੇਖੇ ਖੜ੍ਹੇ ਹੋਣ ਦਾ ਖ਼ਦਸ਼ਾ ਪੈਦਾ ਹੁੰਦਾ ਹੋਵੇ।