Punjab

ਇੱਕ ਕੌਮੀ ਦਰਦ ਲੈ ਕੇ ਇੰਗਲੈਂਡ ਦੀ ਧਰਤੀ ਤੋਂ ਪੰਜਾਬ ਚੱਲ ਕੇ ਆਏ ਸਿੱਖ

shiromani gurdwara parbandhak committee

‘ਦ ਖ਼ਾਲਸ ਬਿਊਰੋ : ਬੀਤੇ ਦਿਨੀਂ 30 ਨਵੰਬਰ 2022 ਨੂੰ ਇੰਗਲੈਂਡ ਦੇ ਸਿੱਖਾਂ ਦਾ ਇਕ ਵਫ਼ਦ ਰਜਿੰਦਰ ਸਿੰਘ ਰਾਏ ਦੀ ਅਗਵਾਈ ਵਿਚ ਭਾਰਤ ਪਹੁੰਚਿਆ ਸੀ। ਵਫ਼ਦ ਨੇ ਗੁਰਪੁਰਬਾਂ ਦੀਆਂ ਤਰੀਕਾਂ ਪੱਕੀਆਂ ਕਰਨ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਚੰਡੀਗੜ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ।

ਇਸ ਮੁਲਾਕਾਤ ਵਿਚ ਵਿਦੇਸ਼ੀ ਸਿੱਖਾਂ ਦੇ ਜਥੇ ਨੇ ਧਾਮੀ ਨੂੰ ਗੁਰਪੁਰਬਾਂ ਦੀਆਂ ਤਰੀਕਾਂ ਸੰਬੰਧੀ ਆਈਆਂ ਮੁਸ਼ਕਲਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਕੁੱਝ ਗੁਰਪੁਰਬਾਂ ਦੀਆਂ ਤਰੀਕਾਂ ਨਿਸ਼ਚਿਤ ਨਾ ਹੋਣ ਕਾਰਨ ਵਿਦੇਸ਼ਾਂ ਵਿਚ ਅਸੀਂ ਹਾਸੇ ਦੇ ਪਾਤਰ ਬਣ ਰਹੇ ਹਾਂ, ਜਿਹਨਾਂ ਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਪੁਰਬਾਂ ਦੀਆਂ ਪੱਕੀਆਂ ਤਰੀਕਾਂ ਵੀ ਪਤਾ ਨਹੀਂ ਹਨ।

ਇਸ ਸੰਬੰਧੀ ਸਾਡੇ ਬੱਚੇ ਵੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਉਹਨਾਂ ਦਾ ਜਨਮ ਦਿਨ ਤਾਂ ਸਾਲ ਵਿਚ ਇਕ ਵਾਰ ਆਉਂਦਾ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਪੁਰਬ ਕਦੀ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਦੀ ਇਕ ਸਾਲ ਵਿਚ ਇਕ ਵਾਰ ਵੀ ਨਹੀਂ ਆਉਂਦਾ। ਕਈ ਵਾਰ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਪੁਰਬ ਦਿਹਾੜੇ ਵੀ ਆ ਜਾਂਦੇ ਹਨ। ਗੁਰਪੁਰਬਾਂ ਨੂੰ ਮਨਾਉਣ ਸਮੇਂ ਵੱਖ-ਵੱਖ ਕੈਲੰਡਰਾਂ ਦੀਆਂ ਤਰੀਕਾਂ ਹੋਣ ਕਾਰਨ ਗੁਰਦੁਆਰੇ ਸਾਹਿਬਾਨਾਂ ਦੇ ਪ੍ਰਬੰਧਕਾਂ ਵਿਚ ਵੀ ਧੜੇਬੰਦੀਆਂ ਵੱਧ ਰਹੀਆਂ ਹਨ, ਜੋ ਕਿ ਸਿੱਖ ਕੌਮ ਲਈ ਘਾਤਕ ਸਾਬਤ ਹੋ ਰਹੀਆਂ ਹਨ।

ਰਜਿੰਦਰ ਸਿੰਘ ਰਾਏ

ਵਿਦੇਸ਼ੀ ਸਿੱਖਾਂ ਦੇ ਜਥੇ ਨੇ ਕਿਹਾ ਕਿ ਅਸੀਂ ਉਚੇਚੇ ਤੌਰ ‘ਤੇ ਇਕ ਕੌਮੀ ਦਰਦ ਲੈ ਕੇ ਇੰਗਲੈਂਡ ਦੀ ਧਰਤੀ ਤੋਂ ਚੱਲ ਕੇ ਧਾਮੀ ਕੋਲ ਪੁੱਜੇ ਹਾਂ। ਅਸੀਂ ਇੰਗਲੈਂਡ ਦੀ ਨਿਰੋਲ ਸਾਧਸੰਗਤ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਚਲਾਉਣ ਵਾਲੇ ਆਮ ਗੁਰਸਿੱਖ ਹਾਂ। ਸਾਡਾ ਕਿਸੇ ਵੀ ਵਿਸ਼ੇਸ਼ ਸੰਸਥਾ ਜਾਂ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ। ਸਾਰੀ ਸਿੱਖ ਕੌਮ ਹੀ ਸਾਡੀ ਧਾਰਮਿਕ ਸੰਸਥਾ ਹੈ। ਸਾਡਾ ਕੌਮੀ ਦਰਦ ਇਹ ਹੈ ਕਿ ਅਸੀਂ ਇਥੇ ਕਿਸੇ ਵੀ ਕੈਲੰਡਰ ਦੀ ਪ੍ਰੋੜਤਾ ਜਾਂ ਵਿਰੋਧ ਕਰਨ ਨਹੀਂ ਆਏ।

ਗਿਆਨੀ ਅੰਮ੍ਰਿਤਪਾਲ ਸਿੰਘ

ਅਸੀਂ ਸਿਰਫ ਗੁਰਪੁਰਬਾਂ ਦੀਆਂ ਪੱਕੀਆਂ ਤਰੀਕਾਂ ਨਿਸ਼ਚਿਤ ਕਰਨ ਲਈ ਪ੍ਰਧਾਨ ਜੀ ਨੂੰ ਬੇਨਤੀ ਕਰਨ ਆਏ ਹਾਂ। ਪੱਕੀਆਂ ਤਰੀਕਾਂ ਸਦਕਾ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ, ਬਾਕੀ ਕੌਮਾਂ ਵਾਂਙ, ਅਸੀਂ ਵੀ ਸਰਕਾਰੀ ਛੁੱਟੀਆਂ ਲੈ ਸਕਦੇ ਹਾਂ ਅਤੇ ਉਸ ਦਿਨ ਦੀ ਮਹਾਨਤਾ ਦੱਸ ਕੇ ਆਪਣੇ ਬੱਚਿਆਂ ਤੇ ਵਿਦੇਸ਼ੀ ਲੋਕਾਂ ਨੂੰ ਵੀ ਸਿੱਖ ਕੌਮ ਦੇ ਲਾਸਾਨੀ ਇਤਿਹਾਸ ਬਾਰੇ ਵੱਡੇ ਪੱਧਰ ‘ਤੇ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਾਂ।

ਧਾਮੀ ਨੇ ਵਫ਼ਦ ਨੂੰ ਵਿਸ਼ਵਾਸ ਦੁਆਇਆ ਕਿ ਇਸ ਸੰਬੰਧੀ ਜਲਦੀ ਹੀ ਕੋਈ ਹੱਲ ਕੱਢਿਆ ਜਾਵੇਗਾ। ਨਾਨਕਸ਼ਾਹੀ ਕੈਲੰਡਰ ਦੇ ਇਸ ਗੰਭੀਰ ਮੁੱਦੇ ‘ਤੇ ਵਿਸ਼ੇਸ਼ ਵਿਚਾਰਾਂ ਚੱਲ ਰਹੀਆਂ ਹਨ। ਇਸ ਮੁੱਦੇ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਸਾਰਥਕ ਉਪਰਾਲਾ ਕਰ ਸਕਦੇ ਹਨ। ਜਲਦੀ ਹੀ ਨਾਨਕਸ਼ਾਹੀ ਕੈਲੰਡਰ ਦੇ ਗੁਰਪੁਰਬਾਂ ਦੀਆਂ ਤਰੀਕਾਂ ਪੱਕੀਆਂ ਕਰਨ ਲਈ ਕੋਈ ਠੋਸ ਹੱਲ ਕੀਤਾ ਜਾਵੇਗਾ।