Punjab

ਸਿੱਖ ਨੌਜਵਾਨ ਨੇ ਦਸਤਾਰ ਸੰਭਾਲਣ ਲਈ ਅਦਾਲਤ ਵਿੱਚ ਪਾਇਆ ਵਾਸਤਾ

‘ਦ ਖ਼ਾਲਸ ਬਿਊਰੋ :- ਜੰਮੂ-ਕਸ਼ਮੀਰ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। 36 ਸਾਲਾ ਨੌਜਵਾਨ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦੇ ਕੇ ਸਹੁਰਿਆਂ ਉੱਤੇ ਦਸਤਾਰ ਨਾ ਸਜਾਉਣ ਲਈ ਮਜ਼ਬੂਰ ਕਰਨ ਦਾ ਇਲਜ਼ਾਮ ਲਾਇਆ ਹੈ।ਪਟੀਸ਼ਨ ਵਿੱਚ ਤਰਲੋਚਨ ਸਿੰਘ ਨੇ ਕਿਹਾ ਕਿ ਆਪਣੇ ਧਰਮ ਵਿੱਚ ਅਟੱਲ ਰਹਿਣ ਬਦਲੇ ਉਸਨੂੰ ਆਪਣੀ ਪਤਨੀ ਅਤੇ ਬੇਟੇ ਤੋਂ ਦੂਰ ਹੋਣਾ ਪਿਆ ਹੈ। ਉਸਨੇ ਮੰਗ ਕੀਤੀ ਹੈ ਕਿ ਅਦਾਲਤ ਉਸ ਦੇ ਸਹੁਰਿਆਂ ਨੂੰ ਉਸ ਨੂੰ ਜ਼ਬਰਦਸਤੀ ਧਰਮ ਬਦਲਣ ਲਈ ਮਜਬੂਰ ਨਾ ਕਰਨ ਦੀ ਹਦਾਇਤ ਕਰੇ। ਉਸਨੇ ਦੋਸ਼ ਲਾਇਆ ਕਿ ਸਹੁਰਿਆਂ ਨੇ ਉਸਦੇ ਬੇਟੇ ਨੂੰ ਆਪਣੇ ਰੋਲ ਰੱਖਿਆ ਹੋਇਆ ਹੈ ਅਤੇ ਉਹ ਉਸਦੀ ਸੁੰਨਤ ਕਰਨਗੇ। ਇਸ ਲਈ ਉਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਉਸਨੇ ਪੁਲਿਸ ‘ਤੇ ਉਸ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਉੱਤੇ ਵੀ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਐਡਵੋਕੇਟ ਦੀਕਸ਼ਿਤ ਅਰੋੜਾ ਨੇ ਪੀੜਤ ਨੌਜਵਾਨ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਿੱਖ ਨੌਜਵਾਨ, ਜੋ ਕਿ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਹੈ, ਉਸ ਨੇ 17 ਨਵੰਬਰ, 2008 ਨੂੰ ਇੱਕ ਮੁਸਲਿਮ ਲੜਕੀ ਨਾਲ ਵਿਆਹ ਕਰਵਾ ਲਿਆ ਸੀ।

ਦੋਹਾਂ ਦੀ ਜਾਣ-ਪਛਾਣ ਇਕੱਠਿਆਂ ਕੰਮ ਕਰਨ ਸਮੇਂ ਹੋਈ ਸੀ। ਬਾਅਦ ਵਿੱਚ ਇਨ੍ਹਾਂ ਦੋਹਾਂ ਨੇ ਪ੍ਰੇਮ ਵਿਆਹ ਕਰਵਾ ਲਿਆ। ਲੜਕੀ ਦੇ ਪਰਿਵਾਰ ਵੱਲੋਂ ਉਸ ‘ਤੇ ਧਰਮ ਬਦਲਣ ਲਈ ਦਬਾਅ ਪਾਇਆ ਜਾਣ ਲੱਗਾ ਤਾਂ ਉਨ੍ਹਾਂ ਦੇ ਦਬਾਅ ਤੋਂ ਬਚਣ ਲਈ ਉਹ ਆਪਣੀ ਪਤਨੀ ਨਾਲ ਦਿੱਲੀ ਚਲਾ ਗਿਆ ਅਤੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਵਿਖੇ ਆਪਣੇ ਘਰ ਆਇਆ। ਉਥੇ ਉਹ 2015 ਤੱਕ ਰਿਹਾ, ਪਰ ਇਸ ਸਮੇਂ ਦੌਰਾਨ ਉਸ ਦੀ ਪਤਨੀ ਨੇ ਉਸਨੂੰ ਵਾਪਸ ਚੰਡੀਗੜ੍ਹ ਜਾਣ ਲਈ ਕਿਹਾ।

ਪਟੀਸ਼ਨ ਦੇ ਅਨੁਸਾਰ ਸਾਲ 2016 ਵਿੱਚ ਉਹ ਚੰਡੀਗੜ੍ਹ ਆਇਆ ਸੀ ਅਤੇ ਆਪਣੀ ਪਤਨੀ ਅਤੇ ਉਸਦੇ ਪਰਿਵਾਰ ਨਾਲ ਇਥੇ ਰਹਿਣ ਲੱਗ ਪਿਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਵਾਰ-ਵਾਰ ਉਸ ਦੀ ਪੱਗ ਉਤਾਰਨ ਅਤੇ ਉਸਦੇ ਵਾਲ ਕੱਟਣ ਲਈ ਮਜ਼ਬੂਰ ਕੀਤਾ। ਉਸ ਦੇ ਬੇਟੇ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਝਗੜਾ ਲਗਾਤਾਰ ਵੱਧਦਾ ਰਿਹਾ ਅਤੇ ਸਹੁਰਿਆਂ ਨੇ ਉਸ ਨੂੰ ਘਰੋਂ ਬਾਹਰ ਕੱਢਿਆ ਅਤੇ ਉਸਦੇ ਬੇਟੇ ਨੂੰ ਆਪਣੇ ਕੋਲ ਰੱਖਿਆ। ਪਟੀਸ਼ਨਰ ਨੇ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਉਸਨੂੰ ਲਗਾਤਾਰ ਧਮਕੀਆਂ ਮਿਲਣ ਅਤੇ ਉਸਦੀ ਜਾਨ  ਖ਼ਤਰੇ ਵਿੱਚ ਹੋਣ ਦੀ ਸੂਚਨਾ ਦਿੱਤੀ ਹੈ।