Punjab

ਫਿਲਮਾਂ ਤੇ ਟੀਵੀ ਸੀਰੀਅਲਾਂ ‘ਚ ਨਹੀਂ ਦਿਖਾਏ ਜਾਣਗੇ ਸਿੱਖ ਵਿਆਹਾਂ ਦੇ ਸੀਨ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਿਖਾਈ ਸਖ਼ਤੀ

ਅੰਮ੍ਰਿਤਸਰ :

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਫਿਲਮ ਸਿਟੀ ਘੜੂੰਆਂ ਵਿੱਚ ਫਿਲਮ ਦੇ ਪ੍ਰਬੰਧਕਾਂ ਵੱਲੋਂ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਲਕੀ ਵਿੱਚ ਸਜਾ ਕੇ, ਨਕਲੀ ਅਨੰਦ ਕਾਰਜ ਕਰਵਾਉਣ ਦਾ ਸਖਤ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਪੜਤਾਲ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵੱਲੋ ਬੀਤੇ ਕੱਲ੍ਹ ਪਿੰਡ ਘੜੂਆਂ ਪਹੁੰਚ ਕੇ ਮੌਕੇ ‘ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਮਾਮਲੇ ਨਾਲ ਸੰਬੰਧਿਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ।

ਵਰਨਣਯੋਗ ਹੈ ਕਿ ਪਿੰਡ ਘੜੂੰਆ ਵਿਖੇ ਵਾਪਰੀ  ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਜਿੱਥੇ ਸ਼਼੍ਰੋਮਣੀ ਗੁਰਦੁੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋ ਫਿਲਮ ਸਿਟੀ ਦੇ ਪ੍ਰਬੰਧਕਾਂ ਵਿਰੁੱਧ ਪੁਲਿਸ ਕੇਸ ਦਰਜ ਕਰਨ ਦੀ ਜੋਰਦਾਰ ਮੰਗ ਕੀਤੀ ਗਈ ਸੀ, ਉੱਥੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਜਿੱਥੇ ਫਿਲਮੀ ਖੇਤਰ ਦੇ ਲੋਕਾਂ ਨੂੰ ਆਪਣੇ ਵਪਾਰਕ ਹਿੱਤਾਂ ਕਾਰਨ ਸਿੱਖ ਪਰੰਪਰਾਵਾਂ ਨਾਲ ਖਿਲਵਾੜ ਕਰਨ ਵਾਲੀਆਂ ਹਰਕਤਾਂ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ ਗਈ ਸੀ।

ਉੱਥੇ ਹੀ ਉਹਨਾਂ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਸਤਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮੀਡੀਆ ਐਡਵਾਈਜ਼ਰ ਭਾਈ ਤਲਵਿੰਦਰ ਸਿੰਘ ਬੁੱਟਰ ਨੂੰ ਬਤੌਰ ਕੋਆਰਡੀਨੇਟਰ ,ਭਾਈ ਗੁਰਪਾਲ ਸਿੰਘ ਮੁਖੀ ਧਰਮ ਪ੍ਰਚਾਰ ਕਮੇਟੀ  ਸਬ ਆਫਿਸ ਸ੍ਰੀ ਅਨੰਦਪੁਰ ਸਾਹਿਬ , ਭਾਈ ਰਜਿੰਦਰ ਪਾਲ ਸਿੰਘ ਪ੍ਰਚਾਰਕ, ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੇ ਮੈਨੇਜਰ ਭਾਈ ਮੋਹਨ ਸਿੰਘ ਅਤੇ  ਤਲਵਿੰਦਰ ਸਿੰਘ ਬੁੱਟਰ ਮੀਡੀਆ ਐਡਵਾਈਜ਼ਰ, ਭਾਈ ਜਤਿੰਦਰ ਸਿੰਘ ਪ੍ਰਚਾਰਕ ਭਾਈ ਪਰਵਿੰਦਰ ਸਿੰਘ ਜੀ ਗ੍ਰੰਥੀ ਸਿੰਘ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਭਾਈ ਜਗਜੀਤ ਸਿੰਘ ਜੀ ਅਕਾਊਂਟੈਂਟ ਅਤੇ ਭਾਈ ਰਾਜਪਾਲ ਸਿੰਘ ਤੇ ਅਧਾਰਤ ਪੜਤਾਲੀਆ ਟੀਮ  ਦਾ ਗਠਨ ਕਰਦਿਆਂ ਰਿਪੋਰਟ ਦੇਣ ਲਈ ਆਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਨੇ ਫਿਲਮ ਸਿਟੀ ਵਿੱਚ ਪਹੁੰਚ ਗਏ ਜਿੱਥੇ ਸਮੁੱਚੇ ਘਟਨਾਕ੍ਰਮ ਬਾਰੇ ਪ੍ਰਬੰਧਕਾਂ ਤੋਂ ਜਾਣਕਾਰੀਆਂ ਹਾਸਿਲ ਕੀਤੀ ਉੱਥੇ ਹੀ ਇਸ ਮਸਲੇ ਨਾਲ ਸਬੰਧਿਤ ਫਿਲਮ ਦੇ ਨਿਰਮਾਤਾ ਤੇ ਪ੍ਰੋਡਕਸ਼ਨ ਹੈਡ ਸੁਰਮਨ ਜੈਨ, ਗੁਰਪ੍ਰੀਤ ਸਿੰਘ ਅਦਾਕਾਰ, ਮਲਕੀਤ ਸਿੰਘ ਰੌਣੀ, ਪਾਠੀ ਦਾ ਰੋਲ ਕਰਨ ਵਾਲੇ ਬਜੁਰਗ ਅਤੇ ਮੌਕੇ ਤੇ ਜਾ ਕੇ ਨਕਲੀ ਗੁਰਦੁਆਰੇ ਵਿਚ ਨਕਲੀ ਵਿਆਹ ਦੀ ਸ਼ੂਟਿੰਗ ਰੋਕਣ ਵਾਲੇ ਸਿੰਘਾਂ ਤੇ ਪੱਤਰਕਾਰਾਂ ਦੇ ਬਿਆਨ ਦਰਜ ਕੀਤੇ ਗਏ।

ਇਸ ਮੌਕੇ ਤੇ ਗੱਲਬਾਤ ਕਰਦਿਆਂ ਭਾਈ ਤਲਵਿੰਦਰ ਸਿੰਘ ਬੁੱਟਰ ਮੀਡੀਆ ਐਡਵਾਈਜ਼ਰ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਗਠਤ ਕੀਤੀ ਗਈ ਕਮੇਟੀ ਵੱਲੋ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਜਲਦੀ ਹੀ ਵਿਸਥਾਰਤ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਜਾਵੇਗੀ ਜਿਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਇਸ ਮਸਲੇ ਤੇ ਢੁਕਵਾਂ ਫੈਸਲਾ ਲਿਆ ਜਾਵੇਗਾ।

ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਗੁਰੂ ਹਨ ਅਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਾਟਕਾਂ ਤੇ ਨਕਲੀ ਵਿਆਹਾਂ ਦੇ ਫਿਲਮਾਂਕਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਲੋਂ ਬਹੁਤ ਦੇਰ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਾਂ ਗੁਰਦੁਆਰਾ ਸਾਹਿਬਾਨ ਵਿਚ ਨਕਲੀ ਵਿਆਹਾਂ ਦੇ ਫਿਲਮਾਂਕਣ ‘ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਫਿਲਮਾਂ ਤੇ ਟੀ.ਵੀ. ਸੀਰੀਅਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਕਲੀ ਵਿਆਹਾਂ ਨੂੰ ਫਿਲਮਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਘੜੂੰਆਂ ਵਿਚ ਨਕਲੀ ਗੁਰਦੁਆਰਾ ਸਾਹਿਬ ਤਿਆਰ ਕਰਕੇ, ਨਕਲੀ ਅਨੰਦ ਕਾਰਜ ਦੇ ਫਿਲਮਾਂਕਣ ਦੀ ਘਟਨਾ ਨੇ ਹਰੇਕ ਸ਼ਰਧਾਵਾਨ ਸਿੱਖ ਦੇ ਮਨ ਨੂੰ ਭਾਰੀ ਠੇਸ ਪਹੁੰਚਾਈ ਹੈ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਹੜੇ ਸਾਬਤ ਸੂਰਤ ਸਿੱਖ ਅਦਾਕਾਰ/ ਨਿਰਦੇਸ਼ਕ ਜਾਂ ਸਹਾਇਕ ਕਰਮੀ ਸਿੱਖ ਮਰਿਆਦਾ ਦੀ ਉਲੰਘਣਾ ਦੀ ਘਟਨਾ ਵਿਚ ਦੋਸ਼ੀ ਜਾਂ ਮੱਦਦਗਾਰ ਪਾਏ ਗਏ ਉਨ੍ਹਾਂ ਖ਼ਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ  ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ  ਅਤੇ ਬਹੁਤ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਭਵਿੱਖ ਲਈ ਫਿਲਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅਨੰਦ ਕਾਰਜ ਦਿਖਾਉਣ ‘ਤੇ ਪਾਬੰਦੀ ਸਬੰਧੀ ਸਖ਼ਤ ਫੈਸਲਾ ਵੀ ਲਿਆ ਜਾਵੇਗਾ