ਅੰਮ੍ਰਿਤਸਰ: ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਵਫ਼ਦ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੱਕ ਪੱਤਰ ਸੌਂਪਿਆ। ਇਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਵੀ ਹਾਜ਼ਰ ਸਨ। ਪੱਤਰ ਵਿੱਚ ਜਥੇਬੰਦੀ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਘਟਨਾਕ੍ਰਮ ਨੂੰ ਵਿਰਾਮ ਦਿੰਦਿਆਂ ਸਮੂਹ ਜਥੇਬੰਦੀਆਂ ਅਤੇ ਸਮੁੱਚੇ ਪੰਥ ਨੂੰ ਪਹਿਲੇ ਦਿੱਤੇ ਆਦੇਸ਼ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ’ਤੇ ਰੋਕ ਲਾਈ ਜਾਵੇ ਤਾਂ ਜੋ ਪੰਥ ਵਿਰੋਧੀ ਤਾਕਤਾਂ ਨੂੰ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦਾ ਬਲ ਨਾ ਮਿਲ ਸਕੇ।
ਇਸ ਪੱਤਰ ਰਾਹੀਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਘਟਨਾਕ੍ਰਮ ’ਚ ਸਿੱਖ ਵਿਰੋਧੀ ਪਾਰਟੀਆਂ ਤੇ ਹੋਰ ਵੀ ਪੰਥ ਵਿਰੋਧੀ ਮਾਨਸਿਕਤਾ ਵਰਗੀਆਂ ਤਾਕਤਾਂ ਦੀ ਸਿੱਧੇ ਤੇ ਅਸਿੱਧੇ ਰੂਪ ਵਿੱਚ ਦਸਤਕ ਹੋ ਚੁੱਕੀ ਹੈ ਜੋ ਹਮੇਸ਼ਾ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ ਨੂੰ ਮਿਟਾਉਣ ਦਾ ਯਤਨ ਕਰਦੀਆਂ ਰਹੀਆਂ ਹਨ ਤੇ ਹੁਣ ਵੀ ਏਸੇ ਤਾਂਘ ’ਚ ਆਪਣਾ ਸਿਆਸੀ ਲਾਹਾ ਲੈਣ ਲਈ ਤਤਪਰ ਹਨ।
ਫੈਡਰੇਸ਼ਨ ਦੇ ਮੁੱਖ ਸੇਵਾਦਾਰ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਗੁਰਬਖਸ਼ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਮੈਂਬਰ ਸ਼੍ਰੋਮਣੀ ਕਮੇਟੀ, ਦਿਲਬਾਗ ਸਿੰਘ ਵਿਰਕ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਗੁਰਬਖਸ਼ ਸਿੰਘ ਸੇਖੋਂ ਨੇ ਜਥੇਦਾਰ ਨਾਲ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨਾਲ ਵਰਿੰਦਰ ਸਿੰਘ ਕੋਕਰੀ, ਮਨਪ੍ਰੀਤ ਸਿੰਘ ਅੰਮ੍ਰਿਤਸਰ, ਤੇ ਪ੍ਰਭਜੀਤ ਸਿੰਘ ਵੀ ਹਾਜ਼ਰ ਸਨ।
ਆਪਣੀ ਮੁਲਾਕਾਤ ਅਤੇ ਇਸ ਪੱਤਰ ਬਾਰੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਜੋ ਬੀਤੇ ਕੁਝ ਦਿਨਾਂ ਤੋਂ ਜੋ ਪੰਥਕ ਸਫਾਂ ਵਿੱਚ ਘਟਨਾਕ੍ਰਮ ਵਾਪਰਿਆ, ਉਸ ਨਾਲ ਸਮੁੱਚੇ ਪੰਥ ਦਰਦੀਆਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ, ਅਸੀਂ ਇਸ ਠੇਸ ਦੇ ਦਰਦ ਨੂੰ ਬਹੁਤ ਮਹਿਸੂਸ ਕਰ ਰਹੇ ਹਾਂ ਕਿਉਂਕਿ ਅਸੀਂ ਹਮੇਸ਼ਾ ਪੰਥ ਦੇ ਤਖ਼ਤ ਸਾਹਿਬਾਨ ਅਤੇ ਉਹਨਾਂ ਤੇ ਪੰਥ ਦੀ ਅਗਵਾਈ ਕਰ ਰਹੇ ਸਤਿਕਾਰ ਯੋਗ ਸਿੰਘ ਸਾਹਿਬਾਨ ਜੀ ਦਾ ਸੀਸ ਝੁਕਾ ਕੇ ਹਮੇਸ਼ਾ ਸਤਿਕਾਰ ਕੀਤਾ ਹੈ ਅਤੇ ਕਰਦੇ ਰਹਿਣ ਲਈ ਗੁਰੂ ਸਾਹਿਬ ਅੱਗੇ ਜੋਦੜੀ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ ਵੱਲੋਂ ਅਸਤੀਫ਼ਾ ਦੇਣ ਦੇ ਬਿਆਨ ਦੇ ਸਮੇਂ ਜੋ ਭਾਵੁਕਤਾ ਉਹਨਾਂ ਵਿੱਚ ਵੇਖਣ ਨੂੰ ਮਿਲੀ ਉਸ ਨੂੰ ਅਸੀਂ ਇਕ ਦਰਦ ਦੇ ਰੂਪ ਵਿੱਚ ਦਿਲੋਂ ਮਹਿਸੂਸ ਕਰ ਰਹੇ ਆ, ਜਿਸ ਸਬੰਧੀ ਸਮੁੱਚੇ ਪੰਥ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕਰਕੇ ਹੋਰ ਸੇਵਾਵਾਂ ਕਰਦੇ ਰਹਿਣ ਦੀ ਅਪੀਲ ਕੀਤੀ ਹੈ ਜੋ ਕਿ ਸਮੁੱਚੇ ਪੰਥ ਵੱਲੋਂ ਉਹਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਹੈ।