International

ਪਿਸ਼ਾਵਰ ਦੇ ਬਾਜ਼ਾਰ ‘ਚ ਸਿੱਖ ਕਾਰੋਬਾਰੀ ਨਾਲ ਹੋਇਆ ਇਹ ਕਾਰਾ, ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ

Peshawar , Sikh shopkeeper, Pakistan, Sikh community , ਪਿਸ਼ਾਵਰ ਵਿੱਚ ਕਤਲ, ਸਿੱਖ ਭਾਈਚਾਰਾ, ਕਤਲ ਖ਼ਬਰ, ਪਾਕਿਸਤਾਨ ਖ਼ਬਰਾਂ

ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਅਣਪਛਾਤੇ ਵਾਹਨ ਚਾਲਕ ਨੇ ਦਿਨ ਦਿਹਾੜੇ ਇੱਕ ਸਿੱਖ ਵਪਾਰੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।ਸਿੱਖ ਕਾਰੋਬਾਰੀ 40 ਸਾਲਾ ਦਿਆਲ ਸਿੰਘ ਪਿਸ਼ਾਵਰ ਦੇ ਦੀਰ ਕਲੋਨੀ ਬਜ਼ਾਰ ਵਿੱਚ ਆਪਣੀ ਦੁਕਾਨ ‘ਤੇ ਬੈਠਾ ਸੀ ਜਦੋਂ ਇੱਕ ਅਣਪਛਾਤੇ ਹਮਲਾਵਰ ਬਾਈਕ ‘ਤੇ ਆਏ, ਉਨ੍ਹਾਂ ਦੀ ਦੁਕਾਨ ‘ਚ ਦਾਖਲ ਹੋ ਕੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

‘ਦਿ ਇੰਡੀਅਨ ਐਕਸਪ੍ਰੈਸ’ ਨਾਲ ਫ਼ੋਨ ‘ਤੇ ਗੱਲ ਕਰਦਿਆਂ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਬਲਬੀਰ ਸਿੰਘ ਨੇ ਦੱਸਿਆ ਕਿ ਉੱਥੇ ਮੌਜੂਦ ਕੁਝ ਸਥਾਨਕ ਲੋਕਾਂ ਮੁਤਾਬਕ ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਵਾਪਰੀ ਜਦੋਂ ਹਮਲਾਵਰ ਸਿੰਘ ਦੀ ਦੁਕਾਨ ‘ਚ ਦਾਖ਼ਲ ਹੋਇਆ ਅਤੇ ਕੁਝ ਸਾਮਾਨ ਮੰਗਿਆ। “ਜਿਵੇਂ ਹੀ ਦਿਆਲ ਸਿੰਘ ਉਹ ਸਾਮਾਨ ਲੈਣ ਲਈ ਦੂਜੇ ਪਾਸੇ ਵੱਲ ਮੁੜਿਆ ਤਾਂ ਉਸ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਸ ਦੇ ਸਿਰ ‘ਚ ਦੋ ਵਾਰ ਗੋਲੀ ਲੱਗੀ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਹਮਲਾਵਰ ਭੱਜ ਗਿਆ। ”

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਫੇਸਬੁੱਕ ਅਕਾਉਂਟ ‘ਤੇ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ

ਮ੍ਰਿਤਕ ਦਿਆਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਪੀਟੀਆਈ ਦੇ ਅਨੁਸਾਰ, ਪੁਲਿਸ ਨੇ ਘਟਨਾ ਵਾਲੀ ਥਾਂ ਤੋਂ 30 ਬੋਰ ਦੀਆਂ ਗੋਲੀਆਂ ਦੇ ਖੋਲ ਇਕੱਠੇ ਕੀਤੇ ਹਨ। ਦੁਕਾਨ ਤੋਂ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਪੁਲਿਸ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਦੋ ਸਾਲਾਂ ਵਿੱਚ ਚੋਥੀ ਘਟਨਾ

ਪਿਸ਼ਾਵਰ ਵਿੱਚ ਪਿਛਲੇ ਦੋ ਸਾਲਾਂ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਇਹ ਚੌਥੀ ਘਟਨਾ ਹੈ। 30 ਸਤੰਬਰ, 2021 ਨੂੰ ਫਰੀਕਾਬਾਦ ਵਿੱਚ ਇੱਕ ਹਕੀਮ ਸਿੰਘ ਨੂੰ ਉਸਦੀ ਦੁਕਾਨ ਦੇ ਅੰਦਰ ਗੋਲੀ ਮਾਰ ਦਿੱਤੀ ਗਈ ਸੀ, ਫਿਰ 15 ਮਈ, 2022 ਨੂੰ ਤਾਲ ਚੌਕ ਵਿਖੇ ਦੋ ਸਿੱਖ ਵਿਅਕਤੀਆਂ ਰਣਜੀਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਦੁਕਾਨਾਂ ਦੇ ਅੰਦਰ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ।