ਬਿਉਰੋ ਰਿਪੋਰਟ – ਮੱਧ ਪ੍ਰਦੇਸ਼ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਕੰਗਨਾ ਦੀ ਫਿਲਮ ‘ਐਮਰਜੈਂਸੀ’ (FILM EMERGENCY) ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸਿੱਖ ਭਾਈਚਾਰੇ ਨੇ ਕੰਗਨਾ ਦੀ ਫਿਲਮ ’ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ ਜਿਸ ਦੀ ਬੀਜੇਪੀ ਦੇ ਸਾਬਕਾ ਮੰਤਰੀ ਨੇ ਵੀ ਹਮਾਇਤ ਕੀਤੀ ਹੈ।
ਬੀਜੇਪੀ ਦੇ ਸਾਬਕਾ ਮੰਤਰੀ ਹਰੇਂਦਰ ਸਿੰਘ ਬੱਬੂ ਨੇ ਕਿਹਾ ਕੰਗਨਾ ਜਦੋਂ ਐੱਮਪੀ ਨਹੀਂ ਸੀ ਤਾਂ ਵੀ ਗੰਦਾ ਬੋਲਦੀ ਸੀ। ਸ਼ੁੱਕਰਵਾਰ ਨੂੰ ਜਬਲਪੁਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਵੱਲੋਂ ਰੈਲੀ ਕੱਢੀ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਫਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਫਿਲਮ ਦੇ ਜ਼ਰੀਏ ਸਿੱਖ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਪੱਤਰ ਲਿਖ ਕੇ ਫਿਲਮ ’ਤੇ ਬੈਨ ਲਗਾਉਣ ਦੀ ਮੰਗ ਕੀਤੀ।
ਡੀਸੀ ਨੂੰ ਸੌਂਪੇ ਗਏ ਮੰਗ ਪੱਤਰ ਕਿਹਾ ਗਿਆ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕੁਦਰਤੀ ਆਪਦਾ ਆਉਂਦੀ ਹੈ ਤਾਂ ਸਿੱਖ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਕੇ ਸੇਵਾ ਕਰਦੇ ਹਨ। ਪਰ ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਐਮਰਜੈਂਸੀ ਫਿਲਮ ਨੂੰ ਮਨਜ਼ੂਰੀ ਦੇਣ ਸਮੇਂ ਸਿੱਖਾਂ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਰੱਖਿਆ ਗਿਆ। ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਜਬਲਪੁਰ ਦੇ ਸਿੱਖ ਭਾਈਚਾਰੇ ਨੇ ਐਲਾਨ ਕੀਤਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਇਸ ਫਿਲਮ ਨੂੰ ਲੱਗਣ ਨਹੀਂ ਦੇਵਾਂਗੇ। ਸਿੱਖ ਸਮਾਜ ਦੇ ਪ੍ਰਧਾਨ ਮਨੋਹਰ ਸਿੰਘ ਰੀਨ ਨੇ ਕਿਹਾ ਕਿ ਜੇਕਰ ਫਿਲਮ ਚਿਤਾਵਨੀ ਦੇ ਬਾਅਦ ਵੀ ਸਿਨੇਮਾ ਹਾਲ ਵਿੱਚ ਲੱਗੀ ਤਾਂ ਮਜ਼ਬੂਰਨ ਹੋਕੇ ਵਿਰੋਧ ਕਰਨਾ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।