India Manoranjan

ਹੁਣ ਮੱਧ ਪ੍ਰਦੇਸ਼ ਦੇ ਹਾਈਕੋਰਟ ’ਚ ਸਿੱਖ ਜਥੇਬੰਦੀਆਂ ਨੇ ਫਿਲਮ ‘ਐਮਰਜੈਂਸੀ’ ਖ਼ਿਲਾਫ਼ ਪਾਈ ਪਟੀਸ਼ਨ! ਸੈਂਸਰ ਬੋਰਡ ਦਾ ਆਇਆ ਇਹ ਜਵਾਬ

ਬਿਉਰੋ ਰਿਪੋਰਟ – ਸੈਂਸਰ ਬੋਰਡ (Censor Board) ਵੱਲੋਂ ਫਿਲਮ ਐਮਰਜੈਂਸੀ (Film Emergency) ਨੂੰ ਫਿਲਹਾਲ ਰਿਲੀਜ਼ ਦਾ ਸਰਟਿਫਿਕੇਟ ਨਾ ਦੇਣ ’ਤੇ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court ) ਨੇ ਭਾਵੇਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਪਰ ਹੁਣ ਮੱਧ ਪ੍ਰਦੇਸ਼ ਦੀ ਜਬਲਪੁਰ ਹਾਈਕੋਰਟ ਵਿੱਚ ਇਸ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਪਟੀਸ਼ਨ ਪਾਈ ਗਈ ਹੈ। ਇਹ ਪਟੀਸ਼ਨ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਵੱਲੋਂ ਦਾਇਰ ਕੀਤੀ ਗਈ ਹੈ।

ਹਾਈਕੋਰਟ ਦੇ ਸੀਨੀਅਰ ਵਕੀਲ ਐੱਨਐੱਸ ਰੂਪਰਾਹ ਨੇ ਦੱਸਿਆ ਕਿ ਇੰਦੌਰ ਦੇ ਮਨਜੀਤ ਸਿੰਘ ਭਾਟੀਆ ਅਤੇ ਜਬਲਪੁਰ ਤੋਂ ਮਨੋਹਰ ਸਿੰਘ ਨੇ ਇਹ ਪਟੀਸ਼ਨ ਹਾਈਕੋਰਟ ਵਿੱਚ ਪਾਈ ਹੈ ਕਿ ਫਿਲਮ ਨਾਲ ਸਿੱਖ ਭਾਈਚਾਰਾ ਦੁਖੀ ਹੈ। ਫਿਲਮ ਵਿੱਚ ਚਾਰ ਸਿੱਖ ਹਿੰਦੂਆਂ ਨੂੰ ਗੋਲੀਆਂ ਮਾਰਦੇ ਹੋਏ ਵਿਖਾਈ ਦਿੱਤੇ ਹਨ। ਉਹ ਕਹਿ ਰਹੇ ਹਨ ਸਾਨੂੰ ਖ਼ਾਲਿਸਤਾਨ ਚਾਹੀਦਾ ਹੈ। ਇਸ ਲਈ ਇਸ ਨੂੰ ਰਿਲੀਜ਼ ਨਹੀਂ ਹੋਣਾ ਚਾਹੀਦਾ ਹੈ। ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਨੂੰ ਜਬਲਪੁਰ ਦੇ ਸਿੱਖ ਆਗੂਆਂ ਨੂੰ ਵਿਖਾਈ ਜਾਵੇ।

ਇਸ ਤੋਂ ਪਹਿਲਾਂ ਬੀਤੇ ਦਿਨ ਜਬਲਪੁਰ ਵਿੱਚ ਸਿੱਖ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਸੀ ਅਤੇ ਕਿਹਾ ਸੀ ਕਿ ਜੇਕਰ ਕਿਸੇ ਸਿਨੇਮਾ ਘਰ ਵਿੱਚ ਫਿਲਮ ਰਿਲੀਜ਼ ਹੋਵੇਗਾ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ। ਸਿੱਖ ਭਾਈਚਾਰੇ ਨੇ ਕਿਹਾ ਸੀ ਅਸੀਂ ਹਮਲੇ ਦੇਸ਼ ਵਿੱਚ ਕਿਧਰੇ ਵੀ ਮੁਸੀਬਤ ਆਉਂਦੀ ਹੈ ਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ ਪਰ ਸਾਡੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।