India Punjab

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਸਿੱਖ ਜਥੇਬੰਦੀਆਂ ਨੇ ਬਾਦਲਾਂ ਦਾ ਰਾਵਣ ਰੂਪੀ ਪੁਤਲਾ ਸਾੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਦਿੱਲੀ ਸਿੰਘੂ ਬਾਰਡਰ ਉੱਤੇ ਪ੍ਰਕਾਸ਼ ਸਿੰਘ ਬਾਦਲ, ਬੀਬੀ ਜਗੀਰ ਕੌਰ ਤੇ ਹੋਰਾਂ ਦੇ ਪੁਤਲੇ ਫੂਕੇ ਗਏ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਸ ਬੇਅਦਬੀ ਉੱਤੇ ਇੱਕ ਵੀ ਬਿਆਨ ਬਾਦਲਾਂ ਵੱਲੋਂ ਨਹੀਂ ਆਇਆ ਹੈ। ਕਿਸਾਨਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿੱਖੀ ਦਾ ਬੂਟਾ ਤੁਰਿਆ ਹੈ। ਕਿਸਾਨਾਂ ਨੇ ਕਿਹਾ ਕਿ ਰਘੁਵੀਰ ਸਿੰਘ ਦੀ ਨਾਲਾਇਕੀ ਕਾਰਨ ਇਹ ਕਾਂਡ ਹੋਇਆ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਵੱਲ ਤਾਂ ਗੁਰੂਆਂ ਦੇ ਘੋੜੇ ਵੀ ਨਹੀਂ ਗਏ, ਪਰ ਟਾਸਕ ਫੋਰਸ ਸੁੱਤੀ ਰਹੀ ਤੇ ਇਹ ਬੇਅਦਬੀ ਹੋਈ ਹੈ।

ਇਸ ਮੌਕੇ ਮੰਗ ਕੀਤੀ ਗਈ ਕਿ ਜਥੇਦਾਰ ਰਘੁਵੀਰ ਸਿੰਘ ਤੇ ਬੀਬੀ ਜਗੀਰ ਕੌਰ ਨੂੰ ਅਹੁਦੇ ਛੱਡ ਦੇਣੇ ਚਾਹੀਦੇ ਹਨ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਮੂੰਹ ਨਹੀਂ ਖੋਲ੍ਹਿਆ। ਅੱਜ ਇਹ ਰਾਵਣ ਰੂਪੀ ਪੁਤਲਾ ਬਣਾ ਕਿ ਫੂਕਿਆ ਗਿਆ ਹੈ। ਪੁਤਲੇ ਉੱਤੇ ਪ੍ਰੇਮ ਸਿੰਘ ਚੰਦੂਮਾਜਰਾ, ਆਤਮਾ ਸਿੰਘ ਲੁਬਾਣਾ ਦੀਆਂ ਤਸਵੀਰਾਂ ਵੀ ਲੱਗੀਆਂ ਸਨ। ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਬਾਦਲ ਦੀ ਜੁੰਡਲੀ ਦੱਸਦਿਆਂ ਨਾਅਰੇਬਾਜੀ ਕੀਤੀ।