India Punjab

ਰਾਮ ਰਹੀਮ ਨੂੰ ਬਰੀ ਕਰਨ ਦੇ ਫੈਸਲੇ ‘ਤੇ ਸਿੱਖ ਜਥੇਬੰਦੀਆਂ ਨੇ ਜਤਾਇਆ ਇਤਰਾਜ਼

ਡੇਰਾ ਸਿਰਸਾ ਮੁਖੀ ਗੁੁਰਮੀਤ ਰਾਮ ਰਹੀਮ (Ram Rahim) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab And Haryana High Court) ਨੇ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ (Ranjit Singh) ਦੇ ਕਤਲ ਮਾਮਲੇ ਵਿੱਚ ਬਰੀ ਕਰਨ ‘ਤੇ ਸਿੱਖ ਜਥੇਬੰਦਿਆਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਆਚਰਣਹੀਣ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਇਸ ਵਿਅਕਤੀ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਣੀ ਚਾਹੀਦੀ।

ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਾਹੀਮ ’ਤੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਪੂਰੀ ਤਰ੍ਹਾਂ ਮਿਹਰਬਾਨ ਹੈ ਅਤੇ ਹੁਣ ਰਣਜੀਤ ਸਿੰਘ ਕਤਲ ਕੇਸ ਵਿੱਚ ਆਇਆ ਫੈਸਲਾ ਵੀ ਅਸੰਤੁਸ਼ਟੀਜਨਕ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਾਮ ਰਹੀਮ ਕਈ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਸੀਬੀਆਈ ਦਾ ਇਹ ਫਰਜ਼ ਹੈ ਕਿ ਉਹ ਰਣਜੀਤ ਸਿੰਘ ਕਤਲ ਕੇਸ ਦੀ ਅੱਗੇ ਠੋਸ ਪੈਰਵਾਈ ਯਕੀਨੀ ਬਣਾਵੇ ਤਾਂ ਜੋ ਜਾਂਚ ਪ੍ਰਣਾਲੀ ਤੋਂ ਲੋਕਾਂ ਦਾ ਭਰੋਸਾ ਨਾ ਟੁੱਟੇ। ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਹੁੰਦਿਆਂ ਇੱਕ ਪੰਥ-ਦੋਖੀ ਵਿਅਕਤੀ ਰਾਮ ਰਹੀਮ ਵਿਰੁੱਧ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਉਸ ਦੇ ਪਰਿਵਾਰ ਦੀ ਸੰਭਵ ਮਦਦ ਲਈ ਵੀ ਤਿਆਰ ਹੈ।

ਬਲਜੀਤ ਸਿੰਘ ਦਾਦੂਵਾਲ ਨੇ ਵੀ ਜਤਾਇਆ ਇਤਰਾਜ਼

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਸ ‘ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਇਹ ਵਿਅਕਤੀ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਸਜ਼ਾਵਾਂ ਸੁਣਾਇਆ ਗਈਆਂ ਸਨ। ਪਰ ਅੱਜ ਅਦਾਲਤ ਵੱਲੋਂ ਇਸ ਨੂੰ ਬਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਇਨਸਾਫ਼ ਪਸੰਦ ਵਿਅਕਤੀਆਂ ਨੂੰ ਬਹੁਤ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਕਾਤਲ ਅਤੇ ਕੁਕਰਮੀ ਬੰਦੇ ਨੂੰ ਬਰੀ ਕਰਨ ਦਾ ਫੈਸਲਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਭਾਵੇ ਕੋਈ ਸਿੱਖ ਹੈ ਜਾਂ ਗੈਰ ਸਿੱਖ ਹਰ ਇਕ ਇਨਸਾਫ਼ ਪਸੰਦ ਵਿਅਕਤੀ ਨੂੰ ਇਸ ਫੈਸਲੇ ਨੇ ਦੁੱਖ ਪਹੁੰਚਾਇਆ ਹੈ। ਦਾਦੂਵਾਲ ਨੇ ਕਿਹਾ ਕਿ ਇਸ ਕਾਤਲ ਅਤੇ ਕੁਕਰਮੀ ਵਿਅਕਤੀ ਨੂੰ ਬਰੀ ਕਰਨ ਨਾਲ ਰਣਜੀਤ ਸਿੰਘ ਦਾ ਦੁਬਾਰਾ ਕਤਲ ਹੋਇਆ ਹੈ।

ਦਾਦੂਵਾਲ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਵੇਂ ਇਹ ਕਾਨੂੰਨੀ ਮਸਲਾ ਹੈ ਪਰ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਆਪਣਾ ਪੱਖ ਕਿਉਂ ਨਹੀਂ ਰੱਖਿਆ ਗਿਆ। ਰਾਮ ਰਹੀਮ ਦੇ ਬਰੀ ਹੋਣ ਦੇ ਫੈਸਲੇ ਨੂੰ ਦਲੀਲਾਂ ਪੇਸ਼ ਕਰਕੇ ਰੋਕਿਆ ਕਿਉਂ ਨਹੀਂ ਗਿਆ। ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਤੁਹਾਡੇ ਲਈ ਸਿਰਫ ਵੋਟਾਂ ਹੀ ਅਹਿਮ ਹਨ। ਕੀ ਸਰਕਾਰਾਂ ਨੂੰ ਕਤਲ ਅਤੇ ਬਾਣੀ ਦੀ ਬੇਅਦਬੀ ਯਾਦ ਨਹੀਂ ਹੈ?

ਦਾਦੂਵਾਲ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸੌਦਾ ਸਾਧ ਦੀਆਂ ਵੋਟਾਂ ਦੀ ਝਾਕ ਨਾ ਰੱਖਣ। ਇਸ ਨੇ ਜਿਸ ਦੀ ਮਦਦ ਕੀਤੀ ਹੈ, ਉਸ ਦਾ ਹਸ਼ਰ ਬੁਰਾ ਹੋਇਆ ਹੈ, ਭਾਵੇਂ ਉਹ ਕੈਪਟਨ ਹੋਵੇ ਜਾਂ ਬਾਦਲ। ਉਨ੍ਹਾਂ ਕਿਹਾ ਕਿ ਇਹ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਸੀ ਪਰ ਦਿੱਲੀ ਵਿੱਚ ਕੇਜਰੀਵਾਲ ਨੇ ਸਰਕਾਰ ਬਣਾਈ ਹੈ। ਇਸ ਨੇ ਜਿਸ ਦੀ ਵੀ ਮਦਦ ਕੀਤੀ ਹੈ, ਉਸ ਖ਼ਿਲਾਫ਼ ਸਾਰੀ ਅਵਾਮ ਭੁਗਤੀ ਹੈ।

ਉਨ੍ਹਾਂ ਕਿਹਾ ਕਿ 1 ਤਰੀਕ ਨੂੰ ਪੰਜਾਬ ਵਿੱਚ ਵੋਟਾਂ ਹਨ, ਕਿਸੇ ਨੂੰ ਝਾਕ ਹੋ ਸਕਦੀ ਹੈ ਇਸ ਦੀਆਂ ਵੋਟਾਂ ਦੀ ਪਰ ਪੰਜਾਬ ਦੇ ਬਹਾਦਰ ਲੋਕ ਇਸ ਦੇ ਵਿਰੁਧ ਭੁਗਤਣਗੇ।

ਉਨ੍ਹਾਂ ਕਿਹਾ ਕਿ ਇਸ ਦੀ ਅਸਲ ਜਗਾ ਜੇਲ੍ਹ ਦੀਆਂ ਸਲਾਖਾਂ ਹਨ। ਦਾਦੂਵਾਲ ਨੇ ਕਿਹਾ ਕਿ 1997 ਤੋਂ ਲੈ ਕੇ ਇਸ ਦੇ ਜੇਲ੍ਹ ਜਾਣ ਤੱਕ ਇਸ ਖਿਲਾਫ ਅਸੀਂ ਸਿਧਾਂਤਕ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਲੜਦੇ ਸਮੇਂ ਸਾਨੂੰ ਮੁਕੱਦਮਿਆਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਸ਼ ਖ਼ਿਲਾਫ਼ ਲੜਾਈ ਨੂੰ ਜਾਰੀ ਰੱਖਿਆ, ਜਿਸ ਕਾਰਨ ਇਹ ਅੱਜ ਜੇਲ੍ਹ ਵਿੱਚ ਹੈ। ਦਾਦੂਵਾਲ ਨੇ ਕਿਹਾ ਹਾਈਕੋਰਟ ਦੇ ਫੈਸਲੇ ਨੂੰ ਚਣੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਨੀਅਰ ਵਕੀਲਾਂ ਦੀ ਸਲਾਹ ਲੈ ਕੇ ਇਸ ਨੂੰ ਚਣੌਤੀ ਦੇਵਾਂਗੇ। ਇਸ ਫੈਸਲੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨੂੰ ਦਿੱਤੀਆਂ ਜਾਣ ਵਾਲੀਆਂ ਪੈਰੋਲਾਂ ਵੀ ਗੈਰ ਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਇਸ ਕਾਤਲ ਅਤੇ ਕੁਕਰਮੀ ਬੰਦੇ ਦੀ ਅਸਲ ਜਗ੍ਹਾ ਜੇਲ੍ਹ ਵਿੱਚ ਹੈ ਇਸ ਵਿਰੁਧ ਸਿਧਾਂਤਕ ਲੜਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ –   ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, 31 ਮਈ ਤੱਕ ਕਰੋ ਇਹ ਕੰਮ, ਨਹੀਂ ਤਾਂ ਭਰਨਾ ਪਵੇਗਾ ਜ਼ਿਆਦਾ ਟੈਕਸ