‘ਦ ਖ਼ਾਲਸ ਬਿਊਰੋ : ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਨੇ ਸਿੱਖਾਂ ਨੂੰ ਵੀ ਪੀੜ ਦੇਣੀ ਸ਼ੁਰੂ ਕਰ ਦਿੱਤੀ ਹੈ। ਬੰਗਲੋਰ ਦੇ ਇੱਕ ਕਾਲਜ ਵਿੱਚ ਦਾਖਲ ਹੋਣ ਲਈ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ ਗਿਆ ਹੈ। ਕਾਲਜ ਵੱਲੋਂ ਵਿਦਿਆਰਥੀਆਂ ਲਈ ਇੱਕ ਵਰਦੀ ਲਾਜ਼ਮੀ ਕੀਤੀ ਗਈ ਹੈ ਜਿਸ ਤਹਿਤ ਕਲਾਸਰੂਮ ਵਿੱਚ ਭਗਵੇਂ ਸ਼ਾਲ, ਹਿਜਾਬ ਅਤੇ ਧਾਰਮਿਕ ਝੰਡੇ ਪਹਿਨਣ ਤੋਂ ਬਚਣ ਲਈ ਕਿਹਾ ਗਿਆ ਸੀ। ਸਿੱਖ ਵਿਦਿਆਰਥਣ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਰਨਾਟਕ ਸਰਕਾਰ ਅਤੇ ਹਾਈਕੋਰਟ ਵੱਲੋਂ ਜਾਰੀ ਕੀਤਾ ਹੁਕਮ ਅਸ਼ਪਸ਼ਟ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਬੈਂਗਲੁਰੂ ਦੇ ਮਾਉਂਟ ਕਾਰਮਲ ਪੀਯੂ ਕਾਲਜ ਦੀ ਅੰਮ੍ਰਿਤਧਾਰੀ ਵਿਦਿਆਰਥਣ ਨੂੰ 16 ਫਰਵਰੀ ਨੂੰ ਸਭ ਤੋਂ ਪਹਿਲਾਂ ਦਸਤਾਰ ਉਤਾਰਨ ਲਈ ਕਿਹਾ ਗਿਆ ਸੀ ਪਰ ਵਿਦਿਆਰਥਣ ਵੱਲੋਂ ਇੰਨਕਾਰ ਕਰਨ ‘ਤੇ ਉਸਦੇ ਪਿਤਾ ਨਾਲ ਗੱਲ ਕੀਤੀ ਸੀ ਕਿ ਉਹ ਸਿੱਖ ਲਈ ਦਸਤਾਰ ਦੀ ਮਹੱਤਤਾ ਨੂੰ ਸਮਝਦੇ ਹਨ ਪਰ ਹਾਈ ਕੋਰਟ ਦੇ ਹੁਕਮਾਂ ਦੇ ਪਾਬੰਦ ਹਨ। ਖਾਸ ਗੱਲ ਇਹ ਹੈ ਕਿ ਵਿਦਿਆਰਥਣ ਸਟੂਡੈਂਡ ਯੂਨੀਅਨ ਦੀ ਪ੍ਰਧਾਨ ਵੀ ਹੈ।
ਕਾਲਜ ਦੇ ਬੁਲਾਰੇ ਨੇ ਕਿਹਾ, “ਸਾਨੂੰ ਹੁਣ ਤੱਕ ਵਿਦਿਆਰਥਣ ਦੀ ਪੱਗ ਬੰਨ੍ਹਣ ਨਾਲ ਕੋਈ ਸਮੱਸਿਆ ਨਹੀਂ ਸੀ। ਜਦੋਂ 16 ਫਰਵਰੀ ਨੂੰ ਕਾਲਜ ਖੁੱਲ੍ਹਿਆ ਤਾਂ ਅਸੀਂ ਸਾਰੇ ਵਿਦਿਆਰਥੀਆਂ ਨੂੰ ਅਦਾਲਤੀ ਹੁਕਮਾਂ ਦੀ ਜਾਣਕਾਰੀ ਦਿੱਤੀ ਅਤੇ ਆਪਣੀਆਂ ਆਮ ਗਤੀਵਿਧੀਆਂ ਵਿੱਚ ਜੁੱਟ ਗਏ। ਮੰਗਲਵਾਰ ਨੂੰ ਜਦੋਂ ਪ੍ਰੀ-ਯੂਨੀਵਰਸਿਟੀ ਐਜੂਕੇਸ਼ਨ (ਉੱਤਰੀ) ਦੇ ਡਿਪਟੀ ਡਾਇਰੈਕਟਰ ਕਾਲਜ ਪਹੁੰਚੇ ਤਾਂ ਉਨ੍ਹਾਂ ਨੇ ਹਿਜਾਬ ਪਹਿਨੇ ਲੜਕੀਆਂ ਦੇ ਇੱਕ ਸਮੂਹ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਦਫਤਰ ਬੁਲਾਇਆ ਅਤੇ ਹਾਈ ਕੋਰਟ ਦੇ ਹੁਕਮਾਂ ਬਾਰੇ ਦੱਸਿਆ।
ਉਨ੍ਹਾਂ ਅੱਗੇ ਕਿਹਾ, ‘ਇਹ ਕੁੜੀਆਂ ਹੁਣ ਮੰਗ ਕਰ ਰਹੀਆਂ ਹਨ ਕਿ ਕਿਸੇ ਵੀ ਲੜਕੀ ਨੂੰ ਧਾਰਮਿਕ ਚਿੰਨ੍ਹ ਨਹੀਂ ਪਹਿਨਣ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਸਿੱਖ ਲੜਕੀ ਨੂੰ ਵੀ ਦਸਤਾਰ ਨਹੀਂ ਪਹਿਨਣ ਦਿੱਤੀ ਜਾਣੀ ਚਾਹੀਦੀ ਹੈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਪੱਗ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ।
ਲੜਕੀ ਦੇ ਪਿਤਾ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਬੇਟੀ ਨੂੰ ਕਲਾਸ ‘ਚ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾਵੇ।