‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਕਨੈਟਿਕਟ ਸੂਬੇ ਨੇ 11 ਮਾਰਚ ਨੂੰ ਦਿੱਲੀ ਫਤਿਹ ਦਿਵਸ ਨੂੰ ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿੱਤੀ ਹੈ। ਪੰਜ ਸ਼ਹਿਰਾਂ ਦੇ ਮੇਅਰ ਇਸ ਵਿੱਚ ਸ਼ਾਮਿਲ ਹਨ। ਇਸ ਮਾਨਤਾ ਦੇ ਨਾਲ ਡਾਇਸਪੋਰਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਸਮੇਤ ਪੂਰੀ ਦੁਨੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ, ਜੋ ਕਿ ਸਿਟੀ ਆਫ ਨਾਰਵਿਚ ਦੇ ਬੋਰਡ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਮਨਮੋਹਨ ਸਿੰਘ ਭਰਾਰਾ ਨੇ ਸੂਬਾ ਅਤੇ ਸ਼ਹਿਰਾਂ ਦੇ ਲੀਡਰਾਂ ਦੁਆਰਾ ਇਸ ਮਾਨਤਾ ਲਈ ਅਹਿਮ ਭੂਮਿਕਾ ਨਿਭਾਈ ਹੈ। 5 ਸ਼ਹਿਰਾਂ ਨੇ 11 ਮਾਰਚ ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿੱਤੀ ਹੈ। ਅਮਰੀਕੀ ਸੈਨੇਟ ਵੱਲੋਂ ਸਿੱਖਾਂ ਦੇ ਨਾਂ ਨਵੇਂ ਸਾਲ ਦੀ ਵਧਾਈ ਸੰਦੇਸ਼ ਵੀ ਜਾਰੀ ਕੀਤਾ ਗਿਆ।
ਵਰਲਡ ਸਿੱਖ ਪਾਰਲੀਮੈਂਟ ਦੇ ਸਪੋਕੇਸਮੈਨ ਡਾ.ਅਮਰਜੀਤ ਸਿੰਘ ਵਾਸ਼ਿੰਗਟਨ, ਨੌਰਵਿਚ ਸ਼ਹਿਰ ਤੋਂ ਮੇਅਰ ਪੀਟਰ ਨਾਈਸਟ੍ਰੋਮ, ਜਨਰਲ ਅਸੈਂਬਲੀ ਮੈਂਬਰ ਕੇਵਿਨ ਰਯਾਨ ਨੇ ਹੈਮਡੇਨ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਿੱਖਾਂ ਦੇ ਹੌਂਸਲੇ ਬੁਲੰਦ ਕਰਦਿਆਂ ਨਿਸ਼ਾਨ ਸਾਹਿਬ ਦਿਵਸ ਦਾ ਐਲਾਨ ਕੀਤਾ ਅਤੇ ਸਿੱਖ ਝੰਡਾ ਨਿਸ਼ਾਨ ਸਾਹਿਬ ਲਹਿਰਾਇਆ। ਜਨਰਲ ਅਸੈਂਬਲੀ ਮੈਂਬਰਾਂ ਅਤੇ ਕਈ ਸੂਬਿਆਂ ਦੇ ਲੀਡਰਾਂ ਨੇ ਵੀ 11 ਮਾਰਚ ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿੱਤੀ। ਨੌਰਵਿਚ ਦੇ ਮੇਅਰ ਪੀਟਰ ਨਾਈਸਟਰੋਮ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ।
ਕਨੈਟੀਕਟ ਦੇ ਹੈਮਡਨ ਸ਼ਹਿਰ ਦੇ ਗੁਰਦੁਆਰਾ ਸੱਚਖੰਡ ਦਰਬਾਰ ਸਾਹਿਬ ਵਿਖੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ 14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੇ ਦਿਹਾੜੇ ਮੌਕੇ, ਸਿੱਖ ਨਿਸ਼ਾਨ ਸਾਹਿਬ ਦਿਹਾੜੇ ਮੌਕੇ ਸਮਾਗਮ ਕਰਵਾਏ ਗਏ। 14 ਅਪ੍ਰੈਲ ਨੂੰ ਨੈਸ਼ਨਲ ਸਿੱਖ ਦਿਹਾੜਾ ਦੀ ਮਾਨਤਾ ਦਿੱਤੀ ਗਈ ਹੈ। ਕਨੈਟੀਕਟ ਸੂਬੇ ਨੇ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ।
ਸੂਬੇ ਦੇ ਡਿਪਟੀ ਗਵਰਨਰ ਨੇ ਸਿੱਖਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਨਿਸ਼ਾਨ ਸਾਹਿਬ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਪਣੀ ਲਿਖਤੀ ਬਿਆਨ ਵਿੱਚ ਨਿਸ਼ਾਨ ਸਾਹਿਬ ਨੂੰ ਸਰਬ ਸੰਜੀਵਾਲਤਾ ਦਾ ਪ੍ਰਤੀਕ ਮੰਨਿਆ | ਸਵਰਨਜੀਤ ਸਿੰਘ ਖਾਲਸਾ ਨੇ ਝੰਡਾ ਚੁੱਕਣ ਦੀ ਰਸਮ ਵਿੱਚ ਹਾਜ਼ਰੀ ਭਰਦਿਆਂ ਕਿਹਾ ਕਿ, “ਸਿੱਖ ਭਾਇਚਾਰਾ ਆਸ ਕਰਦਾ ਹੈ ਕਿ ਸੂਬਾ ਅਤੇ ਸ਼ਹਿਰਾਂ ਦਾ ਇਹ ਮਤਾ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ ਵਿੱਚ ਸਹਾਇਤਾ ਕਰੇਗਾ”।
ਉਨ੍ਹਾਂ ਕਿਹਾ ਕਿ, “ਨਿਸ਼ਾਨ ਸਾਹਿਬ ਵਜੋਂ ਜਾਣੇ ਜਾਂਦੇ ਸਿੱਖ ਝੰਡੇ ਹਰ ਗੁਰਦੁਆਰਾ ਸਾਹਿਬ ਵਿੱਚ ਸ਼ੁਸ਼ੋਬਿਤ ਹਨ ਅਤੇ ਇਹ ਸਿਰਫ ਸਿੱਖ ਪ੍ਰਭੂਸੱਤਾ ਦਾ ਪ੍ਰਤੀਕ ਹੀ ਨਹੀਂ ਬਲਕਿ ਮਨੁੱਖੀ ਪ੍ਰਭੂਸੱਤਾ ਦਾ ਪ੍ਰਤੀਕ ਵੀ ਹੈ, ਜੋ ਸਾਨੂੰ ਜ਼ੁਲਮ ਦੇ ਵਿਰੁੱਧ ਡਟੇ ਰਹਿਣ ਅਤੇ ਨਿਆਂ ਲਈ ਲੜਨ ਦੀ ਯਾਦ ਦਿਵਾਉਂਦਾ ਹੈ। ਗੁਰੁਦੁਆਰਾ ਸੱਚਖੰਡ ਦਰਬਾਰ, ਹੈਮਡੇਨ ਦੇ ਪ੍ਰਧਾਨ ਮਨਮੋਹਨ ਸਿੰਘ ਭਰਾਰਾ ਨੇ ਕਿਹਾ ਕਿ, “ਸਿੱਖ ਸ਼ਾਂਤੀ ਪਸੰਦ ਲੋਕ ਹਨ, ਜੋ ਧਾਰਮਿਕਤਾ ਲਈ ਖੜੇ ਹੋਣ ਦੀ ਹਿੰਮਤ ਰੱਖਦੇ ਹਨ ਅਤੇ ਸਿੱਖ ਝੰਡਾ ਸਿੱਖ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ।” ਇਸ ਮੌਕੇ ਬਹੁਤ ਸਾਰੇ ਸਿੱਖ ਵਿਦਵਾਨ ਅਤੇ ਕਾਰਜਕਰਤਾ ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ਅਤੇ ਉਨ੍ਹਾਂ ਨੇ ਕਨੈਟੀਕਟ ਸੂਬੇ ਦਾ ਧੰਨਵਾਦ ਕੀਤਾ।
ਕਈ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਬਾਬਾ ਬਘੇਲ ਸਿੰਘ ਦੇ ਲਾਲ ਕਿਲ੍ਹਾ ਫਤਿਹ ਦਿਵਸ ਮੌਕੇ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਦਾ ਫੈਸਲਾ ਭਾਰਤ ਨੂੰ ਸਿਆਸੀ ਚਪੇੜ ਹੈ। ਉਨ੍ਹਾਂ ਕਿਹਾ ਕਿ ਇਹ ਅਮਰੀਕਾ ਦਾ ਭਾਰਤ ਵਿੱਚ ਹੋਈ 26 ਜਨਵਰੀ ਅਤੇ ਲਾਲ ਕਿਲ੍ਹੇ ਵਾਲੀ ਘਟਨਾ ਉੱਤੇ ਕਿਸਾਨ ਅਤੇ ਸਿੱਖ ਭਾਈਚਾਰੇ ਨਾਲ ਆਪਣੀ ਸਹਿਮਤੀ ਪ੍ਰਗਟਾਉਣ ਦਾ ਤਰੀਕਾ ਸੀ ਅਤੇ ਭਾਰਤੀ ਲੋਕਤੰਤਰ ਨੂੰ ਸੁਧਰਣ ਦਾ ਇਸ਼ਾਰਾ ਵੀ ਸੀ|