ਫਿਰੋਜ਼ਪੁਰ : ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਧਰਮ ਪਰਿਵਰਤਨ ਕਰਨ ਤੋਂ ਬਾਅਦ ਧਾਰਮਿਕ ਗ੍ਰੰਥਾਂ ਸਮੇਤ ਹਿੰਦੂ ਦੇਵੀ ਦੇਵਤਿਆਂ ਦਿਆਂ ਸਵਰੂਪਾਂ ਨੂੰ ਵੀ ਇੱਕ ਗੱਟੇ ਵਿੱਚ ਪਾਕੇ ਰੂੜੀ ਉਤੇ ਸੁੱਟ ਦਿੱਤਾ ਹੈ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਇੱਛੇਵਾਲਾ ਵਿੱਚ ਆਰਥਿਕ ਤੰਗੀ ਦੇ ਚੱਲਦਿਆਂ ਇਕ ਅੰਮ੍ਰਿਤਧਾਰੀ ਸਿੱਖ ਨੇ ਪਾਦਰੀ ਤੋਂ ਦੋ ਲੱਖ ਰੁਪਏ ਲੈ ਕੇ ਧਰਮ ਪਰਿਵਰਤਨ ਤਾਂ ਕੀਤਾ ਹੀ, ਸਗੋਂ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਤਸਵੀਰਾਂ ਸੜਕ ’ਤੇ ਸੁੱਟ ਦਿੱਤੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁੰਨ ਮੌਕੇ ’ਤੇ ਪਹੁੰਚ ਗਏ। ਕੂੜੇ ਦੇ ਢੇਰ ’ਤੇ ਸੁੱਟੀ ਬੋਰੀ ਵਿਚੋਂ ਧਾਰਮਿਕ ਪੁਸਤਕਾਂ ਦੇ ਨਾਲ ਨਾਲ ਦੋਸ਼ੀ ਪਰਿਵਾਰ ਦੀ ਤਸਵੀਰ ਵੀ ਬਰਾਮਦ ਹੋਣ ’ਤੇ ਉਹ ਘਰ ਪਹੁੰਚ ਗਏ।
ਜਦੋਂ ਇਸ ਬਾਰੇ ਪਰਿਵਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ ਅਤੇ ਪਾਦਰੀ ਦੇ ਕਹਿਣ ਉਤੇ ਇਹ ਕੁਝ ਕੀਤਾ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੌਕੇ ਉਪਰ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮਗਰੋਂ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਥੇ ਸਤਿਕਾਰ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਮਹਾਲਮ ਨੇ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪੂਰੇ ਪਰਿਵਾਰ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਜੇਕਰ ਪੁਲਿਸ ਨੇ ਠੋਸ ਕਾਰਵਾਈ ਨਾ ਕੀਤੀ ਤਾਂ 10 ਤਰੀਕ ਨੂੰ ਵੱਡੇ ਪੱਧਰ ਉਤੇ ਇਕੱਠ ਕਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੂਸਰੇ ਪਾਸੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।