India International Punjab

ਕੈਲੀਫੋਰਨੀਆਂ ਦੇ ਇਤਿਹਾਸ ‘ਚ ਦਰਜ ਹੋ ਗਿਆ ਦੂਜਿਆਂ ਨੂੰ ਬਚਾ ਕੇ ਜਾਨ ਗਵਾਉਣ ਵਾਲਾ ਸਿੱਖ ਹੀਰੋ ਤਪਤੇਜਦੀਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਸੈਨਜੋਸ ਦੇ ਸ਼ੂਟਿੰਗ ਯਾਰਡ ਵਿਚ ਹੋਈ ਗੋਲੀਬਾਰੀ ਵਿਚ ਜਾਨ ਗਵਾਉਣ ਵਾਲੇ ਸਿੱਖ ਤਪਤੇਜਦੀਪ ਸਿੰਘ ਦੀ ਮੌਤ ਉੱਤੇ ਸਿੱਖ ਕੋਲੀਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਪਤੇਜਦੀਪ ਸਿੰਘ ਦੀ ਮਾਤਾ ਵੱਲੋਂ ਸਿੱਖ ਕੋਲੀਸ਼ਨ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਪਤੇਜਦੀਪ ਦੀ ਮੌਤ ਨਾਲ ਉਨ੍ਹਾਂ ਨੂੰ ਤਬਾਹੀ ਤੋਂ ਵੀ ਪਰ੍ਹੇ ਦਾ ਘਾਟਾ ਪਿਆ ਹੈ। ਤਪਤੇਜਦੀਪ ਇਕ ਪਿਆਰਾ ਪਿਓ, ਪਤੀ, ਭਰਾ ਅਤੇ ਭਤੀਜਾ ਸੀ। ਉਹ ਇਕ ਚੰਗਾ ਇਨਸਾਨ ਸੀ ਜੋ ਹਰ ਸਮੇਂ ਮਨੁੱਖਤਾ ਦੀ ਸੇਵਾ ਲਈ ਦ੍ਰਿੜ ਸੀ।

https://www.instagram.com/p/CPY0zCmMYuj/?utm_medium=copy_link

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚਸ਼ਮਦੀਦਾਂ ਤੇ ਹੋਰ ਲੋਕਾਂ ਤੋਂ ਜੋ ਸੁਣਿਆ ਹੈ ਉਸ ਅਨੁਸਾਰ ਤਪਤੇਜਦੀਪ ਨੇ ਆਪਣਾ ਆਖਰੀ ਸਮਾਂ ਦੂਜਿਆ ਨੂੰ ਸੁਰੱਖਿਅਤ ਕਰਨ ਵਿਚ ਲੰਘਾਇਆ ਹੈ, ਜਿਵੇਂ ਕਿ ਉਹ ਬਿਨਾਂ ਦੇਰੀ ਆਪਣੇ ਸਾਥੀਆਂ ਨੂੰ ਸੁਰੱਖਿਅਤ ਦਫਤਰਾਂ ਵਿਚ ਲਿਜਾਉਣ ਅਤੇ ਸ਼ਿਫਟ ਬਦਲਣ ਵੇਲੇ ਕੰਮ ‘ਤੇ ਆ ਰਹੇ ਬਾਕੀ ਲੋਕਾਂ ਨੂੰ ਸ਼ੂਟਰ ਬਾਰੇ ਚੇਤਾਵਨੀ ਦਿੰਦਾ ਰਿਹਾ। ਉਹ ਜਾਨ ਗਵਾਉਣ ਤੋਂ ਪਹਿਲਾਂ ਆਪਣੀ ਬਿਲਡਿੰਗ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ।

ਇੱਥੋਂ ਤੱਕ ਕਿ ਹਫੜਾ ਦਫੜੀ ਵਾਲੇ ਹਾਲਾਤਾਂ ਵਿੱਚ ਵੀ ਤੇਪਤੇਜਦੀਪ ਦੂਜਿਆਂ ਦੀ ਸੇਵਾ ਤੇ ਹੋਰਾਂ ਦੀ ਸੁਰੱਖਿਆ ਵਰਗੇ ਸਿੱਖੀ ਮੂਲ ਦੇ ਸਿਧਾਂਤਾਂ ਨਾਲ ਜੁੜਿਆ ਰਿਹਾ। ਉਸਨੇ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਤਪਤੇਜਦੀਪ ਨੂੰ ਇਕ ਹੀਰੋ ਵਾਂਗ ਯਾਦ ਕਰਨਾ ਚਾਹੀਦਾ, ਜਿਸਨੇ ਸਾਰੀ ਜਿੰਦਗੀ ਸੇਵਾ ਨਾਲ ਲੰਘਾਈ ਹੈ। 36 ਸਾਲ ਦੇ ਤਪਤੇਜਦੀਪ ਨੇ ਵੀਟੀਏ ਰੇਲ ਆਪਰੇਟਰ ਵਜੋ ਅੱਠ ਸਾਲ ਤੱਕ ਕੰਮ ਕੀਤਾ। ਉਹ ਪੰਜਾਬ ਵਿਚ ਪੈਦਾ ਹੋਇਆ ਤੇ 17 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਕੈਲੀਫੋਰਨੀਆਂ ਆਇਆ ਸੀ। ਉਸਦੇ ਪਰਿਵਾਰ ਵਿਚ ਉਸਦੀ ਪਤਨੀ ਤੇ ਤਿੰਨ ਸਾਲ ਦਾ ਲੜਕਾ ਤੇ ਇਕ ਸਾਲ ਦੀ ਲੜਕੀ ਹੈ।

ਸੁਖਬੀਰ ਸਿੰਘ ਨਾਂ ਦੇ ਵੀਟੀਏ ਦੇ ਕਰਮਚਾਰੀ ਨੂੰ ਤਪਤੇਜਦੀਪ ਨੇ ਫੋਨ ਕਰਕੇ ਇਸ ਸ਼ੂਟਰ ਦੀ ਜਾਣਕਾਰੀ ਦਿੱਤੀ ਸੀ। ਉਸਨੇ ਕਿਹਾ ਕਿ ਤਪਤੇਜਦੀਪ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਬਿਲਡਿੰਗ ਵਿਚ ਸ਼ੂਟਰ ਹੈ ਤੇ ਜਾਂ ਤਾਂ ਬਾਹਰ ਚਲੇ ਜਾਓ ਨਹੀਂ ਤਾਂ ਕਿਤੇ ਲੁਕ ਜਾਓ। ਉਸਨੇ ਦੱਸਿਆ ਕਿ ਉਹ ਦੂਜੇ ਪੀੜਿਤ ਪਾਲ ਨਾਲ ਹੈ। ਜੋ ਅੰਤ ਸਮੇਂ ਮੈਂ ਸੁਣਿਆ, ਉਸ ਤੋਂ ਸਾਫ ਸੀ ਕਿ ਉਹ ਚਾਹੁੰਦਾ ਸੀ ਬਿਲਡਿੰਗ ਵਿਚ ਜੋ ਕੋਈ ਵੀ ਹੈ ਜਾਂ ਕਿਤੇ ਵੀ ਹੈ, ਉਹ ਸੁਰੱਖਿਅਤ ਹੋਣਾ ਚਾਹੀਦਾ ਹੈ। ਉਸਦੇ ਅਨੁਸਾਰ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਕੋਲ ਜਾਣ ਦੇ ਯੋਗ ਸਨ। ਅਸੀਂ ਇਹ ਕਦੇ ਨਹੀਂ ਭੁਲ ਸਕਦੇ ਕਿ ਉਹ ਸੰਕਟ ਦੇ ਸਮੇਂ ਕਿਸ ਤਰ੍ਹਾਂ ਸਿਖੀ ਸਿਧਾਂਤਾਂ ਨਾਲ ਜੀਵਿਆ। ਅਤੇ ਮੇਰੀ ਪਰਿਵਾਰ ਨਾਲ ਅਰਦਾਸ ਹੈ ਜਿਸ ਨੇ ਇਸ ਭਿਆਨਕ ਹਮਲੇ ਵਿਚ ਵਿਚ ਆਪਣਾ ਪਿਆਰਾ ਗੁਆ ਲਿਆ ਹੈ।

ਸਿੱਖ ਕੋਲੀਸ਼ਨ ਦੇ ਸਟਾਫ ਦੀ ਅਰਦਾਸ ਤੇ ਸੰਵੇਦਨਾਵਾਂ ਉਸ ਪਰਿਵਾਰ ਨਾਲ ਹਨ ਜਿਨ੍ਹਾਂ ਨੇ ਹਿੰਸਕ ਹਮਲੇ ਤੇ ਕਿਸੇ ਦੂਜੇ ਦੀ ਮੂਰਖਤਾ ਨਾਲ ਇਹ ਘਾਟਾ ਝੱਲਣਾ ਪੈ ਗਿਆ ਹੈ। ਸਿੱਖ ਕੋਲਿਸ਼ਨ ਦਾ ਸਟਾਫ ਤਪਤੇਜਦੀਪ ਦੇ ਪਰਿਵਾਰ ਦੇ ਸੰਪਰਕ ਵਿਚ ਹੈ, ਜਦੋਂ ਵੀ ਲੋੜ ਪਵੇਗੀ ਸਹਾਇਤਾ ਕਰੇਗੀ। ਸਿੱਖ ਕੋਲੀਸ਼ਨ ਨੇ ਕਿਹਾ ਕਿ ਪਰਿਵਾਰ ਡੂੰਘੇ ਦੁੱਖ ‘ਚੋਂ ਗੁਜਰ ਰਿਹਾ ਹੈ, ਇਸ ਲਈ ਹੋਰ ਵਾਧੂ ਇੰਟਰਵਿਊ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜਿਕਰਯੋਗ ਹੈ ਕਿ ਕੈਲੀਫੋਰਨੀਆਂ ਵਿੱਚ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਅੱਠ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਤਪਤੇਜਦੀਪ ਅੰਮ੍ਰਿਤਸਰ ਦੇ ਪਿੰਡ ਗਗੜਵਾਲ ਤੋਂ ਸੰਬੰਧਿਤ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੂਟਰ ਵੀ ਮੌਕੇ ‘ਤੇ ਹੀ ਮਾਰਿਆ ਗਿਆ ਸੀ।