Punjab

ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਬੀਜੇਪੀ ਨਾਲ ਗਠਜੋੜ ਲਈ ਰੱਖੀ ਸ਼ਰਤ ! ਸਿਰਸਾ ਨੇ ਦਿੱਤਾ ਮੋੜਵਾ ਜਵਾਬ

Sikandar singh maluka on bjp collation

ਬਿਊਰੋ ਰਿਪੋਰਟ : 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਬੀਜੇਪੀ ਦੀ ਬੁਰੀ ਹਾਰ ਤੋਂ ਬਾਅਦ ਚਰਚਾਵਾਂ ਸਨ ਕਿ ਦੋਵੇ ਪਾਰਟੀਆਂ ਮੁੜ ਤੋਂ ਗਠਜੋੜ ਕਰ ਸਕਦੀਆਂ ਹਨ। ਪਰ ਦੋਵਾਂ ਦੇ ਵਿਚਾਲੇ ਲਗਾਤਾਰ ਦੂਰੀਆਂ ਵੱਧ ਦੀਆਂ ਹੀ ਜਾ ਰਹੀਆਂ ਹਨ। ਮੰਗਲਵਾਰ ਨੂੰ SGPC ਵੱਲੋਂ RSS ਦੇ ਮੁਖੀ ਮੋਹਨ ਭਾਗਵਨ ਨੂੰ ਲਿਖੀ ਚਿੱਠੀ ਵਿੱਚ ਬੀਜੇਪੀ ਦੀ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਬਾਰੇ ਸ਼ਿਕਾਇਤ ਕੀਤੀ ਗਈ ਸੀ ਅਤੇ ਇਸ ਦੇ ਗੰਭੀਰ ਨਤੀਜੇ ਨਿਕਲਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ । ਪਰ ਇਕ ਦਿਨ ਬਾਅਦ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੀ ਅਨੁਸ਼ਾਸਨਿਕ ਕਮੇਟੀ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦਾ ਬੀਜੇਪੀ ਨਾਲ ਗਠਜੋੜ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ।

ਬੀਜੇਪੀ ਨਾਲ ਗਠਜੋੜ ‘ਤੇ ਮਲੂਕਾ ਦਾ ਬਿਆਨ

ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਾਰਟੀ ਬੀਜੇਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੀ ਹੈ। ਮਲੂਕਾ ਦੋਵਾਂ ਪਾਰਟੀਆਂ ਦੇ ਭਵਿੱਖ ਵਿੱਚ ਹੋਣ ਵਾਲੇ ਸਮਝੌਤੇ ਨੂੰ ਲੈਕੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਜੇਕਰ ਭਵਿੱਖ ਵਿੱਚ ਬੀਜੇਪੀ ਨਾਲ ਗਠਜੋੜ ਹੁੰਦਾ ਹੈ ਤਾਂ ਪਹਿਲਾਂ ਵਾਂਗ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ । ਯਾਨੀ ਮਲੂਕਾ ਕਹਿਣਾ ਚਾਉਂਦੇ ਹਨ ਕਿ 2017 ਦੀਆਂ ਚੋਣਾਂ ਵਾਂਗ ਬੀਜੇਪੀ ਨੂੰ 23 ਸੀਟਾਂ ‘ਤੇ ਹੀ ਚੋਣ ਲੜਨੀ ਪਵੇਗੀ । ਪਰ ਵੱਡਾ ਸਵਾਲ ਇਹ ਹੈ ਕਿ 2022 ਦੀਆਂ ਚੋਣਾਂ ਅਕਾਲੀ ਦਲ ਤੋਂ ਬਿਨਾਂ ਲੜਨ ਵਾਲੀ ਬੀਜੇਪੀ ਇਸ ਦੇ ਲਈ ਰਾਜ਼ੀ ਹੋਵੇਗੀ, ਇਸ ਦਾ ਜਵਾਬ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ।

ਬੀਜੇਪੀ ਲਈ ਪੰਜਾਬ ਵਿੱਚ ਸਿਆਸੀ ਜ਼ਮੀਨ ਤਲਾਸ਼ ਰਹੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਅਕਾਲੀ ਦਲ ਨੇ ਕਦੇ ਵੀ ਸਿੱਖਾਂ ਦੇ ਮਸਲਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਚੁੱਕਿਆ ਹੈ ਤਾਂ ਹੀ ਪਾਰਟੀ ਦਾ ਬੁਰਾ ਹਾਲ ਹੋਇਆ ਹੈ। ਸਾਫ਼ ਹੈ ਕਿ ਬੀਜੇਪੀ ਫਿਲਹਾਲ 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਲੈਕੇ ਕੋਈ ਵੀ ਫੈਸਲਾ ਨਹੀਂ ਕਰੇਗੀ । ਜੇਕਰ ਇੰਨਾਂ ਚੋਣਾਂ ਵਿੱਚ ਪਾਰਟੀ ਨੂੰ ਚੰਗਾ ਹੁੰਗਾਰਾ ਮਿਲ ਦਾ ਹੈ ਤਾਂ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਇਕੱਲੇ ਚੋਣ ਮੈਦਾਨ ਵਿੱਚ ਉਤਰਨ ਦਾ ਪਲਾਨ ਬਣਾ ਸਕਦੀ ਹੈ। ਵੈਸੇ ਵੀ ਬੀਜੇਪੀ ਕੋਲ ਖੋਣ ਨੂੰ ਕੁਝ ਨਹੀਂ ਹੈ ਪਰ ਪਾਉਣ ਨੂੰ ਬਹੁਤ ਕੁਝ ਹੈ,ਜਦਕਿ ਅਕਾਲੀ ਦਲ ਜਿਸ ਤਰ੍ਹਾਂ ਦੇ ਮੌਜੂਦਾ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਉਸ ਦੇ ਲਈ ਬੀਜੇਪੀ ਨਾਲ ਗਠਜੋੜ ਜ਼ਰੂਰੀ ਹੋ ਗਿਆ ਹੈ। 2022 ਵਿੱਚ ਪਾਰਟੀ ਸਿਰਫ਼ 3 ਸੀਟਾਂ ‘ਤੇ ਸਿਮਟ ਗਈ ਹੈ । ਅਕਾਲੀ ਦਲ ਨੂੰ ਬੀਜੇਪੀ ਦੇ ਸ਼ਹਿਰੀ ਵੋਟਰਾਂ ਦਾ ਬਹੁਤ ਸਹਾਰਾ ਹੁੰਦਾ ਸੀ । ਹਿੰਦੂ-ਸਿੱਖ ਵੋਟਾਂ ਦਾ ਗਠਜੋੜ ਦੋਵੇ ਪਾਰਟੀਆਂ ਲਈ ਫਾਇਦਾ ਦਾ ਸਿਆਸੀ ਸੌਦਾ ਸਾਬਿਤ ਹੁੰਦਾ ਸੀ । ਇਸੇ ਲਈ ਅਕਾਲੀ ਦਲ ਵੱਲੋਂ ਵਾਰ-ਵਾਰ ਬੀਜੇਪੀ ਨਾਲ ਗਠਜੋੜ ਨੂੰ ਲੈਕੇ ਇਸ਼ਾਰਾ ਕੀਤਾ ਜਾ ਰਿਹਾ ਹੈ । ਮਲੂਕਾ ਤੋਂ ਪਹਿਲਾਂ ਅਕਾਲੀ ਦਲ ਦੇ 2 ਵਾਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਵੀ ਬੀਜੇਪੀ ਨਾਲ ਗਠਜੋੜ ਦੀ ਹਿਮਾਇਕ ਕੀਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਉਹ ਸਿੱਖਾਂ ਦੇ ਲਈ ਲਈ ਚੰਗੇ ਕੰਮ ਕਰ ਰਹੇ ਹਨ ।