ਮਾਨਸਾ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ “ਮੇਰਾ ਨਾਂ” ਰਿਲੀਜ਼ ਹੋ ਜਾਣ ਦੇ ਨਾਲ ਹੀ ਨਵੇਂ ਰਿਕਾਰਡ ਬਣਾਉਣ ਦੀ ਰਾਹ ‘ਤੇ ਪੈ ਗਿਆ ਹੈ। ਰਿਲੀਜ਼ ਹੋਣ ਤੋਂ 15 ਮਿੰਟਾਂ ਬਾਅਦ ਹੀ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਗਈ ਸੀ ਤੇ ਇਸ ਵੇਲੇ ਤੱਕ ਇਸ ਦੇ 3.3 ਮਿਲੀਅਨ ਵਿਊ ਹੋ ਚੁੱਕੇ ਹਨ ।
ਇੱਸ ਦੌਰਾਨ ਸਿੱਧੂ ਦੇ ਪਿਤਾ ਵੀ ਕਾਫੀ ਭਾਵੁਕ ਨਜ਼ਰ ਆਏ ਤੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਿ ਸਿੱਧੂ ਨੇ ਹਮੇਸ਼ਾ ਰਿਕਾਰਡ ਬਣਾਏ ਹਨ ਪਰ ਉਸ ਦੇ ਦੁਨੀਆਂ ਤੋਂ ਜਾਣ ਮਗਰੋਂ ਵੀ ਲੋਕਾਂ ਨੇ ਉਸ ਨੂੰ ਦਿਲ ਵਿੱਚ ਰੱਖਿਆ ਹੈ ਤੇ ਉਸ ਨੂੰ ਇਨਸਾਫ਼ ਦੁਆਉਣ ਲਈ ਭਰਪੂਰ ਹੁੰਗਾਰਾ ਭਰਿਆ ਹੈ। ਜਿਸ ਦਾ ਪਤਾ ਉਸ ਲਈ ਕੀਤੇ ਗਏ ਕਮੈਂਟਸ ਤੋਂ ਲਗਦਾ ਹੈ ,ਜਿਸ ਵਿੱਚ ਸਿੱਧੂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ ਜਾਂਦੀ ਹੈ।
ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਧੂ ਦੇ ਹੋਰ ਗਾਣੇ ਵੀ ਰਿਲੀਜ਼ ਕੀਤੇ ਜਾਣਗੇ।
ਉਹਨਾਂ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਨੇ ਹਰ ਪਲ ਮੇਰਾ ਸਾਥ ਦਿੱਤਾ ਹੈ ਪਰ ਸਰਕਾਰਾਂ ਦਾ ਰਵਈਆ ਬਹੁਤ ਮਾੜਾ ਰਿਹਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਬਾਰੇ ਵੀ ਉਹਨਾਂ ਕਿਹਾ ਹੈ ਕਿ ਇਹ ਬਠਿੰਡਾ ਜੇਲ੍ਹ ਦੀ ਹੀ ਹੈ।ਹੁਣ ਉਸ ਨੂੰ ਹੀਰੋ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਉਹਨਾਂ ਕਿਹਾ ਕਿ ਜਾਣ ਤੋਂ ਬਾਅਦ ਮੇਰੇ ਬੱਚੇ ਨੂੰ ਹੋਰ ਪਿਆਰ ਮਿਲਿਆ ਹੈ। ਗੀਤ ਵਿੱਚ ਸਿੱਧੂ ਦੇ ਲਾਇਫ ਸਟਾਇਲ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਇਹ ਗੀਤ ਮੌਤ ਤੋਂ ਪਹਿਲਾਂ ਲਿਖਿਆ ਗਿਆ ਸੀ।
ਅੱਜ ਜਾਰੀ ਕੀਤੇ ਗਏ ਇਸ ਗੀਤ ਵਿਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ ਅਤੇ ਬਰਨਾ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ।