ਮਾਨਸਾ : ਦੁਨੀਆ ਤੋਂ ਰੁਖਸਤ ਹੋ ਚੁੱਕੇ ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲੇ ਦਾ ਅੱਜ ਰਿਲੀਜ਼ ਹੋਇਆ ਗਾਣਾ ਲਗਾਤਾਰ ਰਿਕਾਰਡ ਤੋੜਦਾ ਦਿੱਖ ਰਿਹਾ ਹੈ। ਇਸ ਗਾਣੇ ਨੂੰ ਰਿਲੀਜ਼ ਹੋਇਆਂ ਹਾਲੇ 8 ਘੰਟੇ ਹੋਏ ਹਨ ਪਰ ਇਸ ਦੇ ਵਿਊ 6 ਮਿਲੀਅਨ ਨੂੰ ਵੀ ਪਾਰ ਕਰ ਗਏ ਹਨ।
ਇਸ ਤੋਂ ਇਲਾਵਾ 1 ਮਿਲੀਅਨ ਲੋਕਾਂ ਨੇ ਇਸ ਨੂੰ ਲਾਇਕ ਵੀ ਕੀਤਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜਿਸ ਤਰਾਂ ਸਿੱਧੂ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਪਿਆਰ ਦਿੱਤਾ ਹੈ,ਗਾਇਕ-ਕਲਾਕਾਰ ਭਾਈਚਾਰੇ ਵਲੋਂ ਉਸ ਦੇ ਇਸ ਗੀਤ ‘ਤੇ ਕੋਈ ਖਾਸ ਪ੍ਰਤੀਕਰਮ ਨਹੀਂ ਆਇਆ ਹੈ। ਸਿੱਧੂ ਦਾ ਸਾਥ ਦੇਣ ਦਾ ਦਮ ਭਰਨ ਵਾਲੇ ਕਈ ਕਲਾਕਾਰਾਂ ਨੇ ਇਸ ਮੌਕੇ ਚੁੱਪੀ ਵੱਟੀ ਹੋਈ ਹੈ।
ਕਲਾਕਾਰਾਂ ਦੀ ਇਹ ਚੁੱਪੀ ਕੀ NIA ਦੀ ਪੁੱਛਗਿੱਛ ਦੇ ਡਰੋਂ ਬਣੀ ਹੋਈ ਹੈ। ਇਹ ਸਵਾਲ ਵੀ ਖੜ੍ਹੇ ਹੁੰਦੇ ਨਜ਼ਰ ਆ ਰਹੇ ਹਨ। ਕਿਉਂਕਿ ਸਿੱਧੂ ਦੀ ਮੌਤ ਤੋਂ ਬਾਅਦ ਕਈ ਸਿੰਗਰਾਂ ਨੇ ਉਸ ਦਾ ਨਾਮ ਲੈ ਕੇ ਆਪਣੇ ਆਪ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ।
ਦੂਜੇ ਪਾਸੇ NIA ਵੀ ਹੁਣ ਤੱਕ ਚਾਰ ਸਿੰਗਰਾਂ ਤੋਂ ਸਵਾਲ ਜਵਾਬ ਤਲਬ ਕਰ ਚੁੱਕੀ ਹੈ। ਇਹਨਾਂ ਸਿੰਗਰਾਂ ਵਿੱਚ ਸਭ ਤੋਂ ਪਹਿਲਾਂ ਨੰਬਰ ਅਫ਼ਸਾਨਾ ਖ਼ਾਨ ਦਾ ਆਇਆ ਸੀ ਜਿਸ ਨੇ ਸਿੱਧੂ ਨੂੰ ਆਪਣਾ ਭਰਾ ਬਣਾਇਆ ਹੋਇਆ ਹੈ। ਅਫ਼ਸਾਨਾ ਖ਼ਾਨ ਤੋਂ NIA ਨੇ ਕਰੀਬ 4 ਘੰਟੇ ਪੁੱਛਪੜਤਾਲ ਕੀਤੀ ਸੀ। ਹਲਾਂਕਿ ਅਫ਼ਸਾਨਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਦਾਅਵਾ ਕੀਤਾ ਸੀ ਕਿ ਉਸ ਕੋਲੋਂ ਗੈਂਗਸਟਰਾਂ ਸਬੰਧੀ ਕੋਈ ਸਵਾਲ ਨਹੀਂ ਕੀਤਾ ਗਿਆ। ਅਫ਼ਸਾਨਾ ਖ਼ਾਨ ਤੋਂ ਇਲਾਵਾ ਮਨਕੀਰਤ ਔਲਖ਼, ਦਿਲਪ੍ਰੀਤ ਢਿੱਲੋਂ ਤੇ ਜੈਨੀ ਜੌਹਲ ਤੋਂ ਵੀ NIA ਪੁੱਛਗਿੱਛ ਕਰ ਚੁੱਕੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਹੋਇਆ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਗੁਰੂ ਪਰਬ ਦੇ ਦਿਨ ਪਾਠ ਉਪਰੰਤ ਅਰਦਾਸ ਕਰਕੇ 10 ਵਜੇ ਗੀਤ ਰਿਲੀਜ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸ ਦਾ ਗਾਣਾ ‘ਐੱਸਵਾਈਐੱਲ’ ਰਿਲੀਜ ਹੋਇਆ ਸੀ, ਜਿਸ ਨੂੰ ਬੈਨ ਕਰ ਦਿੱਤਾ ਸੀ।ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਸ ਨਵੇਂ ਰਿਲੀਜ਼ ਹੋਏ ਗਾਣੇ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ । ਸਿੱਧੂ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ। ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਮੁਤਾਬਕ ਇਸ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ। ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ, ਜਿਸਨੂੰ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਉਸਦਾ ਕਤਲ ਹੋ ਗਿਆ ਸੀ। ਇਹ ਗੀਤ ਵੀ ਅਸਲ ‘ਚ ‘ਵਾਰ’ ਹੈ, ਜੋ ਉਸ ਨੇ ਪੰਜਾਬ ਦੇ ਵੀਰ ਨਾਇਕ ਹਰੀ ਸਿੰਘ ਨਲੂਆ ਲਈ ਗਾਇਆ ਸੀ।
ਇਸ ਤੋਂ ਪਹਿਲਾਂ ਵੀ ਇੱਕ ਗੀਤ ਐਸਵਾਈਐਲ ਉਨ੍ਹਾਂ ਦੇ ਪਿਤਾ ਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਗਿਆ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ‘ਚ ਆ ਗਏ ਸਨ ਪਰ ਇਸ ਗੀਤ ‘ਤੇ ਭਾਰਤ ਸਰਕਾਰ ਨੇ ਦੋ ਦਿਨਾਂ ਬਾਅਦ ਪਾਬੰਦੀ ਲਗਾ ਦਿੱਤੀ ਸੀ। ਸਿਰਫ ਦੋ ਦਿਨਾਂ ‘ਚ 2.7 ਕਰੋੜ ਵਿਊਜ਼ ਮਿਲੇ ਹਨ। ਇਹ ਗੀਤ ਅੱਜ ਵੀ ਦੇਸ਼-ਵਿਦੇਸ਼ ਵਿੱਚ ਬਹੁਤ ਸੁਣਿਆ ਜਾਂਦਾ ਹੈ।