‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ( Sidhu Moose Wala’s father ) ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਕਾਰਵਾਈ ਤੇਜ਼ ਕਰਨ ਦੀ ਮੰਗ ਕੀਤੀ। ਇਸ ਦੌਰਾਨ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਦੌਰੇ ਤੋਂ ਹੁਣ ਵਿਹਲੇ ਹੋ ਗਏ ਹਨ।
ਉਨ੍ਹਾਂ ਨਾਲ ਇਹ ਪੂਰਾ ਮਾਮਲਾ ਵਿਚਾਰਕੇ ਛੇਤੀ ਹੀ ਇਨਸਾਫ਼ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਇਸ ਲਈ ਰਹਿੰਦੇ ਕਾਰਜਾਂ ਨੂੰ ਛੇਤੀ ਨਿਬੇੜਨ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਜਾਣਗੇ।
ਅੱਜ ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਸਰਦਾਰ ਬਲਕੌਰ ਸਿੰਘ ਅਤੇ ਤਾਇਆ ਸਰਦਾਰ ਚਮਕੌਰ ਸਿੰਘ ਮੇਰੇ ਦਫ਼ਤਰ ਸਿਵਲ ਸਕੱਤਰੇਤ ਚੰਡੀਗੜ੍ਹ ਮਿਲਣ ਆਏ ਅਸੀਂ ਪਿੰਡ ਮੂਸਾ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ l #SidhuMooseWala #sidhu #fathersahab #father #kuldeepsinghdhaliwal #development pic.twitter.com/TIkmagxx3m
— Kuldeep Dhaliwal (@KuldeepSinghAAP) December 5, 2022
ਕੈਬਨਿਟ ਮੰਤਰੀ ਨਾਲ ਹੋਈ ਮੁਲਾਕਾਤ ਬਾਰੇ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਲਈ ਪ੍ਰਸ਼ੰਸਕਾਂ ਵੱਲੋਂ ਇਨਸਾਫ਼ ਦੀ ਵਿੱਢੀ ਹੋਈ ਲੜਾਈ ਲਈ ਪੰਜਾਬ ਸਰਕਾਰ ਨੂੰ ਅੱਜ ਨਿਆਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਬਾਕਾਇਦਾ ਮਿਲ ਕੇ ਅਰਜ਼ੋਈ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਛੇਤੀ ਹੀ ਪਿੰਡ ਮੂਸਾ ਆਉਣ ਦਾ ਦਾਅਵਾ ਕੀਤਾ ਹੈ। ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਪੀਜੀਆਈ ਵਿੱਚ ਆਪਣਾ ਸਰੀਰਕ ਮੁਆਇਨਾ ਕਰਵਾਉਣ ਲਈ ਗਏ ਸਨ ਅਤੇ ਉਥੋਂ ਆਉਂਦੇ ਹੀ ਕੈਬਨਿਟ ਮੰਤਰੀ ਨੂੰ ਅਚਾਨਕ ਮਿਲ ਗਏ, ਜੋ ਬਾਅਦ ਵਿੱਚ ਆਪਣੇ ਦਫ਼ਤਰ ਲੈ ਗਏ ਅਤੇ ਇਨਸਾਫ਼ ਦੀ ਲੜਾਈ ਵਿੱਚ ਤੇਜ਼ੀ ਲਿਆਉਣ ਸਮੇਤ ਪਿੰਡ ਦੇ ਹੋਰ ਮਸਲਿਆਂ ਨੂੰ ਵਿਚਾਰਿਆ ਗਿਆ।