ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਵਿੱਚ ਹੋਈ ਇੰਟਰਵਿਊ ਦੇ ਖ਼ੁਲਾਸੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਿਸਟਮ ਨੂੰ ਕਟਹਿਰੇ ਵਿੱਚ ਖੜੇ ਕੀਤਾ ਹੈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਸਰਕਾਰ ਲਾਰੇਂਸ ਬਿਸ਼ਨੋਈ ਦੀ ਪੁਸ਼ਤ-ਪਨਾਹੀ ਕਰ ਰਹੀ ਹੈ, ਇਸੇ ਲਈ ਸਿੱਧੂ ਦੇ ਕਤਲ ਬਾਅਦ ਹਮਲਾਵਰਾਂ ਨੂੰ ਹਥਿਆਰਾਂ ਸਮੇਤ ਭੱਜਣ ਦਾ ਮੌਕਾ ਦਿੱਤਾ ਗਿਆ।
ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ CIA ਖਰੜ ਨੇ 29 ਅਗਸਤ, 2022 ਨੂੰ 14 ਦਿਨਾਂ ਦੀ ਜਾਂਚ ਲਈ ਹਿਰਾਸਤ ਵਿੱਚ ਲਿਆ ਸੀ। ਇਸ ਹਿਰਾਸਤ ਦੌਰਾਨ ਉਸ ਦੀ ਪਹਿਲੀ ਇੰਟਰਵਿਊ 4 ਸਤੰਬਰ 2022 ਨੂੰ ਹੋਈ ਸੀ। ਪੰਜਾਬ ਤਬਦੀਲ ਹੋਣ ਤੋਂ ਪਹਿਲਾਂ ਬਿਸ਼ਨੋਈ ਦੇ ਵਕੀਲ ਨੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਫਿਰ ਵੀ ਪੰਜਾਬ ਆਉਣ ਦੇ ਸਿਰਫ਼ 2 ਮਹੀਨਿਆਂ ਦੇ ਅੰਦਰ ਹੀ ਉਹ ਪੰਜਾਬ ਪੁਲਿਸ ਦਾ ਅਜਿਹਾ ‘ਖਾਸ ਮਹਿਮਾਨ’ ਕਿਵੇਂ ਬਣ ਗਿਆ?”
ਉਨ੍ਹਾਂ ਨੇ ਅੱਗੇ ਲਿਖਿਆ, “ਇਹ ਇੱਕ ਡੂੰਘੀ ਸਾਜ਼ਿਸ਼ ਅਤੇ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ ਜਿਸ ਨੇ ਉਸਦਾ ਖਰੜ ਵਿੱਚ ਰਹਿਣਾ ਯਕੀਨੀ ਬਣਾਇਆ, ਦਿੱਲੀ ਇੰਟੈਲੀਜੈਂਸ ਦੀ ਰਿਪੋਰਟ ਦੇ ਬਾਵਜੂਦ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਗਈ, ਅਤੇ ਸਿੱਧੂ ਦੇ ਕਤਲ ਬਾਅਦ ਹਮਲਾਵਰਾਂ ਨੂੰ ਹਥਿਆਰਾਂ ਸਮੇਤ ਭੱਜਣ ਦਾ ਮੌਕਾ ਦਿੱਤਾ ਗਿਆ।”
View this post on Instagram
ਲਾਰੈਂਸ ਦੇ ਇੰਟਰਵਿਊ ’ਤੇ SIT ਦਾ ਵੱਡਾ ਖੁਲਾਸਾ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ SIT ਨੇ ਪਹਿਲਾਂ ਹਾਈਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਉਸਦਾ ਇੰਟਰਵਿਊ ਪੰਜਾਬ ਵਿੱਚ ਹੋਇਆ ਹੈ, ਪਰ ਕਿਸ ਜੇਲ੍ਹ ਵਿੱਚ ਹੋਇਆ, ਇਹ ਨਹੀਂ ਦੱਸਿਆ ਸੀ। ਬੀਤੇ ਦਿਨੀਂ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ SIT ਮੁਖੀ ਸੁਬੋਧ ਕੁਮਾਰ ਨੇ ਦੱਸਿਆ ਹੈ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ ਖਰੜ CIA ਦੀ ਕਸਟਡੀ ਵਿੱਚ ਹੋਇਆ ਹੈ, ਜਦਕਿ ਦੂਜਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਕੀਤਾ ਗਿਆ ਹੈ।
ਦੱਸ ਦੇਈਏ ਲਾਰੈਂਸ ਦੇ ਖਿਲਾਫ ਪੰਜਾਬ ਵਿੱਚ ਤਕਰੀਬਨ 20 ਕੇਸ ਚੱਲ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੂੰ ਮਾਨਸਾ ਅਤੇ ਫਿਰ ਖਰੜ CIA ਸਟਾਫ ਵੱਲੋਂ ਪੁੱਛ-ਗਿੱਛ ਦੇ ਲਈ ਲਿਆਂਦਾ ਗਿਆ ਸੀ।