ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੂਸੇਵਾਲਾ ਨੂੰ ਮਾਰਨ ਆਏ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਧਰਮਨਜੋਤ ਨੂੰ ਜਲਦ ਹੀ ਭਾਰਤ ਲਿਆਂਦਾ ਜਾ ਸਕਦਾ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਕਾਹਲੋਂ ਦੇ ਕਈ ਨਾਮੀ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ । ਉਸ ‘ਤੇ ਦੋਸ਼ ਹੈ ਕਿ ਮੂਸੇਵਾਲਾ ਕਤਲਕਾਂਡ ਵਿਚ ਇਸਤੇਮਾਲ ਹੋਏ ਹਥਿਆਰ ਇਸ ਨੇ ਹੀ ਪਹੁੰਚਾਏ ਸਨ।
ਧਰਮਨਜੋਤ ਸਿੰਘ ਅੰਮ੍ਰਿਤਸਰ, ਪੰਜਾਬ ਦਾ ਵਸਨੀਕ ਹੈ। ਉਹ ਇਕ ਹੋਰ ਲੋੜੀਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਦੋਸਤ ਹੈ, ਜਿਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਜੱਗੂ ਨੇ ਹੀ ਲਾਰੈਂਸ ਅਤੇ ਗੋਲਡੀ ਨਾਲ ਧਰਮਨਜੋਤ ਦੀ ਫ਼ੋਨ ‘ਤੇ ਗੱਲ ਕਰਵਾਈ ਸੀ।
ਧਰਮਜੋਤ ਮੋਹਾਲੀ ਵਿੱਚ ਵੀ ਯੂਏਪੀਏ ਦੇ ਇੱਕ ਕੇਸ ਵਿੱਚ ਲੋੜੀਂਦਾ ਹੈ ਅਤੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਲੁਕਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਹ ਲਾਰੈਂਸ ਅਤੇ ਬੰਬੀਹਾ ਗੈਂਗਾਂ ਨੂੰ ਹਥਿਆਰ ਸਪਲਾਈ ਕਰਦਾ ਸੀ।
ਧਰਮਨਜੋਤ ਸਿੰਘ ਕਾਹਲੋਂ ਨੈਸ਼ਨਲ ਤੇ ਇੰਟਰਨੈਸ਼ਨਲ ਗੈਂਗਸਟਰਾਂ ਨੂੰ ਏਕੇ-47 ਤੇ ਜਿਗਾਣਾ ਵਰਗੇ ਅਤਿ ਆਧੁਨਿਕ ਹਥਿਆਰਾਂ ਦੀ ਸਪਲਾਈ ਕਰਦਾ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ, ਪੰਜਾਬ ਪੁਲਿਸ ਤੇ NIA ਨੂੰ ਇਸ ਦੀ ਤਲਾਸ਼ ਸੀ। ਇਸ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਦੇ ਬਾਅਦ ਇਸ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਚ ਹਿਰਾਸਤ ਵਿਚ ਲਿਆ ਹੈ। ਭਾਰਤੀ ਜਾਂਚ ਏਜੰਸੀਆਂ ਜਲਦ ਹੀ ਐੱਫਬੀਆਈ ਨਾਲ ਸੰਪਰਕ ਕਰਨਗੀਆਂ ਤਾਂ ਕਿ ਧਰਮਨਜੋਤ ਨੂੰ ਜਲਦ ਭਾਰਤ ਲਿਆਂਦਾ ਜਾ ਸਕੇ।