ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ 2 ਵਰ੍ਹੇ ਬੀਤ ਗਏ ਹਨ ਪਰ ਹਾਲੇ ਤੱਕ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਸਿੱਧੂ ਮੂਸੇਵਾਲਾ ਦੇ ਆਪਣੇ ਦੋਸਤ, ਜੋ ਉਸ ਦੇ ਕਤਲ ਵੇਲੇ ਉਸ ਦੇ ਨਾਲ ਮੌਜੂਦ ਸਨ, ਉਹ ਵੀ ਗਵਾਹੀ ਦੇਣ ਤੋਂ ਮੁਨਕਰ ਹਨ। ਅਜਿਹੇ ਵਿੱਚ ਸਿੱਧੂ ਦੀ ਮਾਂ ਬੇਬੇ ਚਰਨ ਕੌਰ ਦਾ ਇੱਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਦਰਦ ਛਲਕਿਆ ਹੈ ਤੇ ਉਨ੍ਹਾਂ ਆਪਣੇ ਪੁੱਤਰ ਲਈ ਭਾਵੁਕ ਪੋਸਟ ਲਿਖਦਿਆਂ ਉਸ ਲਈ ਇਨਸਾਫ਼ ਦੀ ਗੁਹਾਰ ਲਾਈ ਹੈ।
ਮਾਤਾ ਚਰਨ ਕੌਰ ਲਿਖਦੇ ਹਨ- “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਮੈਂ ਅਕਾਲ ਪੁਰਖ ਦੇ ਬਿਆਨੇ ਰਜਾ ਵਿੱਚ ਰਹਿਣ ਦੇ ਵਚਨਾਂ ਤੇ ਬਣੇ ਰਹਿਣ ਦੀ ਬੇਹੱਦ ਕੋਸ਼ਿਸ਼ ਕਰਦੀ ਹਾਂ ਪਰ ਮੈਂ ਪੁੱਤ ਹਾਰ ਜਾਂਦੀ ਹਾਂ, ਕਿਉਂਕਿ ਪੁੱਤ ਮੈਂ ਤੇ ਤੇਰੀ ਹਰ ਆਹਟ ਨੂੰ ਤੇਰੇ ਅੰਦਰ ਨੂੰ ਪਛਾਣਦੀ ਸੀ, ਮੈ ਜਾਣਦੀ ਆਂ ਪੁੱਤ ਕਿ ਇਹ ਅਣਮੰਗੀ ਮੌਤ ਤੈਨੂੰ ਬੇਕਸੂਰ ਨੂੰ ਮਿਲੀ ਐ, ਮੈ ਤੇਰੇ ਚਿਹਰੇ ਵੱਲ ਦੇਖਦੀ ਬੇਬਸ ਹੋ ਜਾਂਦੀ ਆ ਮੇਰਾ ਗੁੱਸਾ ਮੇਰੀ ਬੇਚੈਨੀ ਮੇਰੀਆਂ ਅੱਖਾਂ ਨੂੰ ਨਮ ਕਰ ਦਿੰਦੀ ਐ, ਤੇ ਇੱਕ ਮਾਂ ਦਾ ਦਿਲ ਇਹ ਵੀ ਕਰਦਾ ਕਿ ਆਪਣੇ ਹੱਥੀਂ ਉਹਨਾਂ ਨੂੰ ਸਜ਼ਾ ਦੇਵਾ ਕਿਉਂਕਿ ਪੁੱਤ ਮੈ ਤੇਰੀ ਤਸਵੀਰ ਵੱਲ ਦੇਖਦੀ ਇਹ ਮਹਿਸੂਸ ਕਰਦੀ ਆਂ ਕਿ ਜਿਵੇਂ ਤੂੰ ਮੈਨੂੰ ਸਵਾਲ ਕਰਦੇ ਕਿ ਮਾਂ ਮੇਰੀ ਮਿਹਨਤ ਮੇਰਾ ਨਾਮ ਇਹਨਾਂ ਦੇ ਰਾਹ ਦਾ ਰੋੜਾ ਆਖਿਰ ਕਦੋਂ ਬਣ ਗਿਆ??”
View this post on Instagram
ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਪੰਜਾਬ ਦੀ ਹਕੂਮਤ ਤੇ ਅਦਾਲਤਾਂ ਨੂੰ ਸਵਾਲ ਕੀਤਾ ਹੈ ਕਿ ਆਖ਼ਰ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਕਦੋਂ ਮਿਲੇਗਾ? ਉਨ੍ਹਾਂ ਅੱਗੇ ਲਿਖਿਆ- “ਮੈਂ ਹਕੂਮਤੀ ਅਦਾਲਤਾਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਆ ਕਿ ਮੇਰਾ ਪੁੱਤ ਨੂੰ ਗਿਆ ਦੋ ਸਾਲ ਬੀਤ ਚੱਲੇ ਆ ਤੇ ਉਸਨੂੰ ਹੈ ਤੋ ਸੀ ਬਣਾਉਣ ਵਾਲੇ ਚਿਹਰੇ ਜੱਗ ਜਾਹਿਰ ਕਦੋਂ ਹੋਣਗੇ?”
ਯਾਦ ਰਹੇ ਮਾਨਸਾ ਦੇ ਪਿੰਡ ਮੂਸਾ ਵਿੱਚ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਜਵਾਹਰ ਕੇ ਪਿੰਡ ਵਿੱਚ ਕਤਲ ਹੋਇਆ ਸੀ। 2 ਦੋਸਤਾਂ ਦੇ ਨਾਲ ਬਿਨਾਂ ਸਕਿਉਰਟੀ ਮੁਲਾਜ਼ਮਾਂ ਦੇ ਜੀਪ ਵਿੱਚ ਜਾਂਦੇ ਵਕਤ ਪੰਜਾਬ ਅਤੇ ਹਰਿਆਣਾ ਦੇ 6 ਸ਼ੂਟਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸਨ।
29 ਮਈ 2022 ਨੂੰ ਸਿੱਧੂ ਮੂਸੇਵਾਲਾ ਆਪਣੀ ਕਾਲੇ ਰੰਗ ਦੀ ਥਾਰ ’ਤੇ ਨਿਕਲਿਆ ਸੀ। ਉਸੇ ਵੇਲੇ ਗੋਲਡੀ ਬਰਾੜ ਅਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਚੱਲਾ ਦਿੱਤੀਆਂ। ਜਿਸ ਦੀ ਵਜ੍ਹਾ ਕਰਕੇ ਸਿੱਧੂ ਦੀ ਮੌਤ ਹੋ ਗਈ। ਮੂਸੇਵਾਲਾ ਨੂੰ ਗਏ ਹੋਏ ਭਾਵੇ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹ ਹੁਣ ਵੀ ਆਪਣੇ ਗੀਤਾਂ ਨਾਲ ਲੋਕਾਂ ਵਿੱਚ ਜਿਊਂਦਾ ਹੈ। ਮੌਤ ਦੇ ਬਾਅਦ ਹਾਲ ਹੀ ਵਿੱਚ ਸਿੱਧੂ ਦਾ 7ਵਾਂ ਗਾਣਾ ਰਿਲੀਜ਼ ਹੋਇਆ ਸੀ ਜਿਸ ਨੇ ਕਈ ਮਿਲੀਅਨ ਵਿਊਜ਼ ਹਾਸਲ ਕੀਤੇ ਹਨ।