ਬਿਊਰੋ ਰਿਪੋਰਟ (11 ਨਵੰਬਰ 2025): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭ ਦੀ ਹਥਿਆਰ ਨਾਲ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਤੋਂ ਫੋਟੋ ਬਣਾ ਕੇ ਵਾਇਰਲ ਕਰ ਦਿੱਤੀ ਗਈ ਹੈ। ਇਸ ਵਿੱਚ ਸ਼ੁਭ ਦੇ ਸਰੀਰ ’ਤੇ ਹਥਿਆਰ ਟੰਗਿਆ ਹੋਇਆ ਦਿਖਾਇਆ ਗਿਆ ਹੈ। ਜਿਸ ’ਤੇ ‘45 ਲੱਗਾ 14 ਲੱਖ ਦਾ’ ਲਿਖਿਆ ਹੋਇਆ ਹੈ। ਜਿਸ ਦਾ ਮਤਲਬ ਇਹ ਹੈ ਕਿ 45 ਬੋਰ ਦੀ ਪਿਸਤੌਲ ਟੰਗੀ ਹੈ, ਜਿਸ ਦੀ ਕੀਮਤ 14 ਲੱਖ ਰੁਪਏ ਹੈ।
ਇਸ ਫੋਟੋ ਰਾਹੀਂ ਸ਼ੁਭ ਦੀ ਤਸਵੀਰ ਨੂੰ ਸਿੱਧੂ ਮੂਸੇਵਾਲਾ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਸਿੱਧੂ ਮੂਸੇਵਾਲਾ ਨੂੰ ਵੀ ਹਥਿਆਰਾਂ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੇ ਗੀਤਾਂ ਵਿੱਚ ਵੀ ਹਥਿਆਰ ਦਿਖਾਏ ਜਾਂਦੇ ਸਨ।
ਮਾਂ ਨੇ ਜਤਾਇਆ ਸਖ਼ਤ ਇਤਰਾਜ਼
ਇਸ ਫੋਟੋ ਨੂੰ ਦੇਖ ਕੇ ਮੂਸੇਵਾਲਾ ਦੇ ਪਰਿਵਾਰ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ- ਮੇਰੇ ਬੇਟੇ ਸ਼ੁਭ ਨੂੰ ਆਪਣੇ ਹਮ-ਉਮਰ ਜਾਂ ਵੱਡੇ ਦੇ ਤੌਰ ’ਤੇ ਨਹੀਂ, ਬਲਕਿ ਇੱਕ ਬੱਚੇ ਦੇ ਰੂਪ ਵਿੱਚ ਦੇਖਿਆ ਜਾਵੇ। ਸਿੱਧੂ ਮੂਸੇਵਾਲਾ ਵਾਂਗ ਲੋਕ ਛੋਟੇ ਸ਼ੁਭ ਨੂੰ ਵੀ ਬਹੁਤ ਪਸੰਦ ਕਰਦੇ ਹਨ ਅਤੇ ਪਿਆਰ ਕਰਦੇ ਹਨ। ਲੋਕ ਉਸ ਨੂੰ ਮਿਲਣ ਆਉਂਦੇ ਹਨ ਅਤੇ ਫੋਟੋ ਖਿੱਚ ਕੇ ਚਲੇ ਜਾਂਦੇ ਹਨ। ਉਸ ਤੋਂ ਬਾਅਦ ਉਸ ਦਾ ਇਸ ਤਰ੍ਹਾਂ ਦੁਰਉਪਯੋਗ ਨਾ ਕਰੋ।

ਅਪਮਾਨਜਨਕ ਭਾਸ਼ਾ ਜਾਂ ਹਰਕਤ ਨਾ ਕਰਨ ਦੀ ਅਪੀਲ
ਮਾਤਾ ਚਰਨ ਕੌਰ ਨੇ ਅੱਗੇ ਕਿਹਾ ਕਿ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਪ੍ਰਕਾਰ ਦੀ ਅਪਮਾਨਜਨਕ ਭਾਸ਼ਾ ਜਾਂ ਹਰਕਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਹਨ। ਜੋ ਪਿਆਰ ਸਤਿਕਾਰ ਤੁਸੀਂ ਸ਼ੁਭ ਨੂੰ ਕਰ ਰਹੇ ਹੋ, ਉਸਦਾ ਮਕਸਦ ਗਲਤ ਬਣਾ ਕੇ ਉਹ ਲੋਕ ਅੱਗੇ ਪੇਸ਼ ਕਰ ਸਕਦੇ ਹਨ। ਅਸੀਂ ਆਪਣੇ ਬੱਚੇ ਦੀ ਪਰਵਰਿਸ਼ ਸਾਧਾਰਨ ਬੱਚਿਆਂ ਦੀ ਤਰ੍ਹਾਂ ਕਰਨਾ ਚਾਹੁੰਦੇ ਹਾਂ। ਉਮੀਦ ਹੈ ਤੁਸੀਂ ਮੇਰੀ ਭਾਵਨਾ ਸਮਝੋਗੇ।
ਪਹਿਲਾਂ ਬਿਨਾਂ ਪੱਗ ਦੇ ਵਾਇਰਲ ਹੋਈ ਸੀ ਸਿੱਧੂ ਮੂਸੇਵਾਲਾ
ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਵੀ ਸਿੱਧੂ ਮੂਸੇਵਾਲਾ ਦੀ ਏ.ਆਈ. ਜਨਰੇਟਿਡ ਵੀਡੀਓ ਵਾਇਰਲ ਹੋਈ ਸੀ। ਇਸ ਵਿੱਚ ਉਸ ਨੂੰ ਬਿਨਾਂ ਪੱਗ ਦੇ ਦਿਖਾਇਆ ਗਿਆ ਸੀ। ਉਦੋਂ ਵੀ ਉਨ੍ਹਾਂ ਦੀ ਮਾਤਾ ਨੇ ਸੋਸ਼ਲ ਮੀਡੀਆ ’ਤੇ ਸਖ਼ਤ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਉਦੋਂ ਵੀ ਕਿਹਾ ਸੀ ਕਿ ਬਿਨਾਂ ਪੱਗ ਦੇ ਫੋਟੋ ਤਿਆਰ ਕਰਕੇ ਉਸ ਨੂੰ ਵਾਇਰਲ ਕੀਤਾ ਗਿਆ। ਮਾਤਾ ਚਰਨ ਕੌਰ ਨੇ ਕਿਹਾ ਕਿ ਬਿਨਾਂ ਪੱਗ ਦੇ ਸਿੱਧੂ ਮੂਸੇਵਾਲਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

