ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਇੱਕ ਹੋਰ ਵੱਡੇ ਮੁਲਜ਼ਮ ਨੂੰ ਵਿਦੇਸ਼ ਤੋਂ ਫੜ ਲਿਆ ਗਿਆ ਹੈ । ਵਿਕਰਮ ਬਰਾੜ ਨਾਂ ਦੇ ਇਸ ਮੁਲਜ਼ਮ ਦੀ ਗ੍ਰਿਫਤਾਰੀ UAE ਤੋਂ ਹੋਈ ਹੈ । ਜਿਸ ਨੂੰ NIA ਡਿਪੋਰਟ ਕਰਵਾ ਕੇ ਲੈ ਆਈ ਅਤੇ ਹੁਣ ਉਸ ਦੀ ਗ੍ਰਿਫਤਾਰੀ ਵੀ ਪਾ ਦਿੱਤੀ ਹੈ । ਵਿਕਰਮ ਬਰਾੜ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ । ਵਿਦੇਸ਼ ਵਿੱਚ ਬੈਠ ਕੇ ਉਹ ਆਪਣੀ ਗਤੀਵਿਧਿਆ ਚੱਲਾ ਰਿਹਾ ਸੀ । ਜੁਲਾਈ ਵਿੱਚ ਹੀ ਵਿਕਰਮਜੀਤ ਸਿੰਘ ਬਰਾੜ ਦੇ ਖਿਲਾਫ RCN ਯਾਨੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ । ਇਸ ਨੇ ਹੀ ਸਲਮਾਨ ਦੇ ਪਿਤਾ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਧਮਕੀ ਵਾਲਾ ਪੱਤਰ ਭੇਜਿਆ ਸੀ ਜਿਸ ਵਿੱਚ ਕਿਹਾ ਸੀ ਕਿ ਅਸੀਂ ਸਲਮਾਨ ਨੂੰ ਮਾਰ ਦੇਵਾਂਗੇ । ਵਿਕਰਮ ਦਾ ਸਬੰਧ ਗੋਲਡੀ ਬਰਾੜ ਅਤੇ ਲਾਰੈਂਸ ਨਾਲ ਹੈ। ਇਹ ਵਿਦੇਸ਼ ਵਿੱਚ ਬੈਠ ਕੇ ਉਨ੍ਹਾਂ ਦੇ ਲਈ ਕੰਮ ਕਰਦਾ ਸੀ । ਦਿੱਲੀ ਵਿੱਚ NIA ਹੈਡਕੁਆਟਰ ਵਿੱਚ ਵਿਕਰਮ ਤੋਂ ਗੋਲਡੀ ਅਤੇ ਲਾਰੈਂਸ ਨਾਲ ਸਬੰਧਾਂ ਨੂੰ ਲੈਕੇ ਪੁੱਛ-ਗਿੱਛ ਹੋ ਰਹੀ ਹੈ ਅਤੇ ਇਸ ਗੱਲ ਦੀ ਜਾਂਚ ਹੋਵੇਗੀ ਕਿ ਆਖਿਰ ਉਹ 2020 ਵਿੱਚ ਕਿਵੇਂ ਭਾਰਤ ਤੋਂ ਫਰਾਰ ਹੋਇਆ ਸੀ । ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਉਸ ਨੇ ਗੋਲਡੀ ਅਤੇ ਲਾਰੈਂਸ ਦੀ ਕਿਵੇਂ ਮਦਦ ਕੀਤੀ ਸੀ ।
NIA ARRESTS JAILED GANGSTER LAWRENCE BISHNOI’S KEY ABSCONDING AIDE ON DEPORTATION FROM THE UAE pic.twitter.com/PVRx6hqogo
— NIA India (@NIA_India) July 26, 2023
ਵਿਕਰਮ ਬਰਾੜ ਦਾ ਮੂਸੇਵਾਲਾ ਨਾਲ ਲਿੰਕ
NIA ਨੇ ਕੁੱਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਦੁਬਈ ਵਿੱਚ ਰਹਿਣ ਵਾਲੇ ਇੱਕ ਪਾਕਿਸਤਾਨ ਆਮਰਸ ਡੀਲਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕੀਤੇ ਸਨ। ਹੋ ਸਕਦਾ ਹੈ ਕਿ ਵਿਕਰਮ ਬਰਾੜ ਨੇ ਹੀ ਸਾਰੀ ਡੀਲ ਕਰਵਾਈ ਹੋਵੇ। ਫਿਲਹਾਲ NIA ਵਿਕਰਮ ਬਰਾੜ ਦੀ ਗ੍ਰਿਫਤਾਰੀ ਨੂੰ ਵੱਡੀ ਕਾਮਯਾਬੀ ਦੱਸ ਰਹੀ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਗੈਂਗਸਟਰਾਂ ਅਤੇ ਦਹਿਸ਼ਤਗਰਦਾਂ ਦੇ ਲਿੰਕ ਦਾ ਖੁਲਾਸਾ ਹੋਵੇਗਾ ।
11 ਮਾਮਲੇ ਵਿੱਚ ਵਾਂਟਿਡ ਹੈ ਵਿਕਰਮ ਬਰਾੜ
ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ ਵਿਕਰਮ ਬਰਾੜ ਅਤੇ ਉਹ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ । ਉਸ ਦੇ ਖਿਲਾਫ ਪੰਜਾਬ,ਰਾਜਸਥਾਨ, ਹਰਿਆਣਾ ਅਤੇ ਮੁੰਬਈ ਵਿੱਚ ਕੇਸ ਦਰਜ ਹਨ । ਇਨ੍ਹਾਂ ਸਾਰਿਆਂ ਸੂਬਿਆਂ ਦੀ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਜਾ ਕੇ ਪੁੱਛ-ਗਿੱਛ ਕਰ ਸਕਦੀ ਹੈ । ਵਿਕਰਮ ਬਰਾੜ ਨੇ ਸਲਮਾਨ ਖਾਨ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ। ਵਿਕਰਮ ਖਿਲਾਫ ਵੱਖ-ਵੱਖ ਸੂਬਿਆਂ ਵਿੱਚ 11 ਕੇਸਾਂ ਵਿੱਚ ਵਾਂਟਿਡ ਸੀ ।
ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਅਨਮੋਲ ਬਿਸ਼ਨੋਈ ਦੀ ਵੀ ਕੀਨੀਆ ਵਿੱਚ ਪਿਛਲੇ ਸਾਲ ਵਿਦੇਸ਼ ਮੰਤਰਾਲੇ ਵੱਲੋਂ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਸੀ। ਪਰ ਉਸ ਨੂੰ ਭਾਰਤੀ ਏਜੰਸੀਆਂ ਫੜ ਨਹੀਂ ਸਕਿਆ ਸਨ । ਇਸੇ ਸਾਲ ਕਰਨ ਔਜਲਾ ਤੇ ਸ਼ੈਰੀ ਮਾਨ ਦੇ ਸ਼ੋਅ ਵਿੱਚ ਅਨਮੋਲ ਬਿਸ਼ਨੋਈ ਡਾਂਸ ਕਰਦਾ ਹੋਇਆ ਨਜ਼ਰ ਆਇਆ ਸੀ । ਜਿਸ ਤੋਂ ਬਾਅਦ ਗਾਇਕ ‘ਤੇ ਵੀ ਸਵਾਲ ਉੱਠੇ ਸਨ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ‘ਤੇ ਸਵਾਲ ਵੀ ਚੁੱਕੇ ਸਨ । ਸਫਾਈ ਵਿੱਚ ਕਰਨ ਔਜਲਾ ਅਤੇ ਸ਼ੈਰੀ ਮਾਨ ਦਾ ਬਿਆਨ ਆਇਆ ਸੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਕ ਵਿਆਹ ਦੇ ਸਮਾਗਮ ਵਿੱਚ ਬੁਲਾਇਆ ਸੀ ਸਾਡਾ ਅਨਮੋਲ ਬਿਸ਼ਨੋਈ ਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਿਆਹ ਵਿੱਚ ਆਏ ਗਏ ਮਹਿਮਾਨਾਂ ਨੂੰ ਲੈਕੇ ਸਾਡਾ ਕੋਈ ਵਾਸਤਾ ਨਹੀਂ ਹੁੰਦਾ ਹੈ ।