Punjab

ਪੁੱਤ ਦੇ ਨਾਂ ਮੂਸੇਵਾਲਾ ਦੀ ਮਾਂ ਦੀ ਰੂਹ ਨੂੰ ਝੰਜੋੜਦੀ ਚਿੱਠੀ!

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਪੂਰਾ ਇਕ ਸਾਲ ਹੋ ਜਾਵੇਗਾ। ਜਿਵੇਂ-ਜਿਵੇਂ ਦਿਨ ਨਜ਼ਦੀਕ ਆ ਰਿਹਾ ਹੈ,ਪਰਿਵਾਰ ਦੀ ਧੜਕਨਾਂ ਵੀ ਵੱਧ ਰਹੀਆਂ ਹਨ। ਦਿਲ ਵਿੱਚ ਪੁੱਤਰ ਦੀ ਯਾਦ ਨੂੰ ਲੈਕੇ ਵਲਵਲੇ ਉੱਠ ਰਹੇ ਹਨ । 29 ਮਈ ਸ਼ਾਮ 5 ਵਜੇ ਦਾ ਮੰਜ਼ਰ ਸਾਹਮਣੇ ਆ ਰਿਹਾ ਹੈ । ਮਾਤਾ-ਪਿਤਾ ਦੋਵੇ ਭਾਵੁਕ ਹਨ, ਮਾਂ ਚਰਨ ਕੌਰ ਨੇ ਇੱਕ ਹਫਤੇ ਦੇ ਅੰਦਰ ਦੂਜੀ ਵਾਰ ਪੁੱਤਰ ਦੇ ਨਾਂ ਪੋਸਟ ਲਿਖੀ ਹੈ । ਇਸ ਪੋਸਟ ਵਿੱਚ ਮਾਂ ਨੇ ਪੁੱਤ ਦੇ ਕਾਤਲਾਂ ਦੇ ਹੁਣ ਤੱਕ ਸਾਹ ਲੈਣ ਦਾ ਜ਼ਿਕਰ ਕਰਦੇ ਹੋਏ ਅਕਾਲ ਪੁਰਖ ‘ਤੇ ਆਪਣਾ ਅਟੁੱਟ ਵਿਸ਼ਵਾਸ ਜ਼ਾਹਿਰ ਕੀਤਾ ਅਤੇ ਵੰਗਾਰ ਵੀ ਲਾਈ ।

ਮਾਂ ਦੀ ਭਾਵੁਕ ਪੋਸਟ

ਭਾਵੁਕ ਮਾਂ ਨੇ ਲਿਖਿਆ ‘ਮੈਨੂੰ ਮਿਲ ਗਏ ਤੈਨੂੰ ਚਾਹੁਣ ਵਾਲੇ,ਤੇਰੇ ਲਈ ਮੇਰੇ ਲਈ ਰੋਣ ਵਾਲੇ,ਧਰਨਿਆਂ ‘ਤੇ ਨਾਲ ਖਲੋਣ ਵਾਲੇ ਪਰ ਮਿਲਦੇ ਨਾ ਓ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ, ਉਹੀ ਦਿਨ ਮੁੜ ਆਏ ਆ, ਗੂੜੀ ਧੁੱਪ ਨਾਲ ਤੇ ਗਹਿਰੀ ਚੁੱਪ ਨਾਲ ਭਰੀ ਨਾ ਮੁੱਕਣ ਆਲੀ ਦੁਪਹਿਰ ਜੋ ਮੈਨੂੰ ਅੱਜ ਵੀ ਉਸ ਦਿਨ ਦੀ ਯਾਦ ਕਰਵਾਉਂਦੀ ਆ ਤੇ ਮੈਂ ਅੱਜ ਵੀ ਉਸੇ ਤਰ੍ਹਾਂ ਦਹਿਲ ਜਾਂਦੀ ਆ ਕੁਝ ਦਿਨ ਰਹਿ ਗਏ ਆ ਤੁਹਾਨੂੰ ਗਿਆਂ ਨੂੰ ਸਾਲ ਬੀਤ ਜਾਣਾ ਤੇ ਤੁਹਾਨੂੰ ਮੇਰੇ ਤੋਂ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇਕ ਸਾਲ ਪਰ ਸ਼ੁੱਭ ਮੇਰਾ ਯਕੀਨ ਟੁੱਟਦਾ ਨਹੀਂ ਅਕਾਲ ਪੁਰਖ ਤੋਂ,ਇਨ੍ਹਾਂ ਸਾਡੀ ਰੂਹ ਸਾਥ ਅੱਡ ਕੀਤੀ ਆ ਮੈਂ ਇਨ੍ਹਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਦੇਖਣੀਆਂ ਨੇ ਮੇਰੇ ਬੱਚੇ।’

15 ਮਈ ਨੂੰ ਵੀ ਲਿਖੀ ਪੁੱਤਰ ਦੇ ਨਾਂ ਪੋਸਟ

ਸਿੱਧੂ ਮੂਸੇਵਾਲਾ ਦੀ ਮਾਂ ਨੇ 15 ਮਈ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਵੀ ਭਾਵੁਕ ਪੋਸਟ ਲਿਖੀ ਸੀ । ਉਨ੍ਹਾਂ ਨੇ ਲਿਖਿਆ ਸੀ ‘ਮੈਂ ਪਹਿਲਾਂ ਧੀ ਬਣ ਕੇ ਤੁਹਾਡੇ ਨਾਨਕੇ ਘਰ ਜਨਮ ਲਿਆ,ਫਿਰ ਤੁਹਾਡੇ ਬਾਪੂ ਜੀ ਨੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਮੈਂ ਕਿੰਨੇ ਰਿਸ਼ਤੇ ਕਿਸੇ ਦੀ ਚਾਚੀ,ਤਾਈਂ,ਭਾਬੀ,ਨੂੰਹ ਬਣ ਕੇ ਆਪਣੀ ਝੋਲੀ ਵਿੱਚ ਪਾਏ । ਪਰ ਮੇਰੀ ਹੋਂਦ ਦਾ ਅਸਲ ਅਧਾਰ ਮੈਂ ਤੁਹਾਡੀ ਮਾਂ ਬਣ ਕੇ ਪਾਇਆ ਤੇ ਤੁਸੀਂ ਮੈਨੂੰ ਅਸਲ ਵਿੱਚ ਸੰਪੂਰਣ ਔਰਤ ਦਾ ਦਰਜਾ ਦਵਾਇਆ,ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ ਵਿੱਚ ਲੈਕੇ ਮਹਿਸੂਸ ਹੋਇਆ ਸੀ । ਪਰ ਕੱਲ ਦਾ ਉਹੀ ਪਿਆਰ ਓਹੀ ਮਮਤਾ ਦਾ ਨਿੱਘ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀਆ ਧਾਹਾਂ ਨਾਲ ਲੈਕੇ ਆ ਰਿਹਾ ਹਾਂ,ਅੱਜ ਵੀ ਮੈਂ ਤੁਹਾਨੂੰ ਕਮਰੇ ਵਿੱਚ ਬੈਠੀ ਉਡੀਕ ਰਹੀ ਸੀ । ਕਿਉਂਕਿ ਹਮੇਸ਼ਾ ਮੈਂ ਪਹਿਲਾਂ ਤੁਹਾਡੇ ਤੋਂ ਆਪਣੇ ਜਨਮ ਦਿਨ ਦੀ ਵਧਾਈ ਕਬੂਲ ਦੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੇ ਬੁੱਕਲ ਵਿੱਚ ਲੈਕੇ ਤੁਹਾਨੂੰ ਮਹਿਸੂਸ ਕਰ ਰਹੀ ਆ ਮੇਰੇ ਬੱਚੇ,ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨਾਂ ਰਿਹਾ ਨਹੀਂ ਜਾ ਰਿਹਾ’।

29 ਮਈ ਦੀ ਸ਼ਾਮ ਨੂੰ ਹੋਇਆ ਸੀ ਮੂਸੇਵਾਲਾ ਦਾ ਕਤਲ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ 29 ਮਈ ਦੀ ਸ਼ਾਮ 5 ਵਜੇ ਮਾਨਸਾ ਦੇ ਪਿੰਡ ਜਵਾਹਰ ਵਿੱਚ ਕਤਲ ਕਰ ਦਿੱਤਾ ਸੀ । ਮੂਸੇਵਾਲਾ ‘ਤੇ ਕਰੀਬ 40 ਰਾਊਂਡ ਫਾਇਰਿੰਗ ਕੀਤੀ ਗਈ ਸੀ। ਮੂਸੇਵਾਲਾ ਦੇ ਸ਼ਰੀਰ ‘ਤੇ 19 ਜਖ਼ਮ ਮਿਲੇ ਸਨ,ਇਨ੍ਹਾਂ ਵਿੱਚੋ 7 ਗੋਲੀਆਂ ਸੇਵਾਲਾ ਨੂੰ ਸਿੱਧੀਆਂ ਲੱਗੀਆਂ ਸਨ । ਗੋਲੀ ਲੱਗਣ ਦੇ 15 ਮਿੰਟ ਦੇ ਵਿਚਾਲੇ ਮੂਸੇਵਾਲਾ ਦੀ ਮੌਤ ਹੋ ਗਈ ਸੀ । ਬੋਲੇਰੋ ਅਤੇ ਕੋਰੋਲਾ ਗੱਡੀ ਵਿੱਚ ਗੈਂਗਸਟਰ ਆਏ ਅਤੇ ਥਾਰ ਵਿੱਚ ਜਾ ਹੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ,ਉਸ ਵੇਲੇ ਮੂਸੇਵਾਲਾ ਦੇ ਨਾਲ ਉਸ ਦੇ ਗੰਨਮੈਨ ਵੀ ਨਹੀਂ ਸਨ।