ਬਿਊਰੋ ਰਿਪੋਰਟ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala murder case) ਦੇ ਕਾਤਲਾਂ ਨੂੰ ਜੇਲ੍ਹ ਵਿੱਚ ਪਹੁੰਚਾਉਣ ਦੇ ਲਈ ਪਿਤਾ ਬਲਕੌਰ ਸਿੰਘ (Sidhu Moosewala’s Father balkaur Singh) ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ। ਕੈਂਡਲ ਮਾਰਚ ਤੋਂ ਬਾਅਦ ਪਿਤਾ ਨੇ ਹੁਣ ਉਨ੍ਹਾਂ ਲੋਕਾਂ ਦੇ ਨਾਂ ਪੁਲਿਸ (Punjab Police) ਨੂੰ ਦੱਸੇ ਹਨ, ਜਿਨ੍ਹਾਂ ਨੇ ਮੂਸੇਵਾਲਾ ਖਿਲਾਫ਼ ਹਮੇਸ਼ਾ ਵੱਡੀਆਂ-ਵੱਡੀਆਂ ਸ਼ਾਜਿਸ਼ਾਂ ਰਚੀਆਂ ਸਨ। ਪਿਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 5 ਹੋਰ ਲੋਕਾਂ ਖਿਲਾਫ਼ IPC ਦੀ ਧਾਰਾ 120 B ਅਧੀਨ ਨਾਮਜ਼ਦ ਕਰ ਲਿਆ ਹੈ। ਇਸ ਤੋਂ ਇਲਾਵਾ ਕੁਝ ਲੋਕ ਪੰਜਾਬੀ ਮਿਊਜ਼ਿਕ ਸਨਅਤ (Punjabi Music Industry) ਨਾਲ ਵੀ ਜੁੜੇ ਹੋਏ ਹਨ, ਜਿਨ੍ਹਾਂ ਦੇ ਨਾਂ ਪਿਤਾ ਨੇ ਪੁਲਿਸ ਨੂੰ ਦੱਸੇ ਹਨ। ਇੱਕ ਗਾਇਕ ਦਾ ਨਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲਦ ਪੁਲਿਸ ਨੂੰ ਦੱਸਣਗੇ। ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ (Gangsters) ਤੋਂ ਮਿਲੀਆਂ ਧਮਕੀਆਂ ਵਿੱਚ ਇਨ੍ਹਾਂ ਦਾ ਕੀ ਰੋਲ ਸੀ ? ਕਿਵੇਂ ਇਨ੍ਹਾਂ ਨੇ ਮੂ੍ਸੇਵਾਲਾ ਦਾ ਪੈਸਾ ਲੁੱਟਿਆ, ਪਿਤਾ ਨੇ ਪੂਰੀ ਕਹਾਣੀ ਪੁਲਿਸ ਨੂੰ ਦੱਸੀ ਹੈ।
ਇਹ 5 ਨਾਂ ਪਿਤਾ ਨੇ ਪੁਲਿਸ ਨੂੰ ਦੱਸੇ
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਨਸਾ ਪੁਲਿਸ ਨੂੰ ਜਿਨ੍ਹਾਂ 5 ਲੋਕਾਂ ਦੇ ਨਾਂ ਪਿਤਾ ਬਲਕੌਰ ਸਿੰਘ ਨੇ ਦੱਸੇ ਹਨ, ਉਨ੍ਹਾਂ ਵਿੱਚ ਜੀਵਨਜੋਤ, ਕੰਵਰਪਾਲ, ਅਵਤਾਰ, ਜਗਤਾਰ ਅਤੇ ਜੋਤੀ ਹਨ। ਅਵਤਾਰ ਅਤੇ ਜਗਤਾਰ ਮੂਸੇਵਾਲਾ ਦੇ ਗੁਆਂਢੀ ਹਨ, ਜਿਨ੍ਹਾਂ ਦਾ ਘਰ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਨੇੜੇ ਹੈ। ਪੁਲੀਸ ਵਲੋਂ ਉਨ੍ਹਾਂ ਵਿਰੁੱਧ ਧਾਰਾ 120 B ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਸੰਗੀਤ ਜਗਤ ਨਾਲ ਜੁੜੇ 2 ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਸੀ। ਪੁਲਿਸ ਹੁਣ ਤੱਕ 31 ਵਿਅਕਤੀਆਂ ਨੂੰ ਨਾਮਜ਼ਦ ਕਰ ਚੁੱਕੀ ਹੈ ਅਤੇ 22 ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।
ਪਹਿਲਾਂ ਮੂਸੇਵਾਲ ਨਾਲ ਦੋਸਤੀ ਫਿਰ ਦੁਸ਼ਮਣੀ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਕੈਨੇਡਾ ਪੜਾਈ ਕਰਨ ਗਿਆ ਸੀ ਤਾਂ ਗਾਇਕੀ ਵਿੱਚ ਵੀ ਆਪਣਾ ਕਰੀਅਰ ਸ਼ੁਰੂ ਕਰ ਰਿਹਾ ਸੀ ਤਾਂ ਉਸ ਦੀ 2 ਲੋਕਾਂ ਨਾਲ ਦੋਸਤੀ ਹੋਈ। ਸ਼ੁਰੂਆਤ ਵਿੱਚ ਚੰਗੇ ਸਬੰਧ ਸਨ। ਇਨ੍ਹਾਂ ਦਾ ਮਿਊਜ਼ਿਕ ਸਟੂਡੀਓ ਸੀ, ਜਿਸ ਦੇ ਜ਼ਰੀਏ ਉਹ ਮੂਸੇਵਾਲਾ ਦੇ ਗਾਣੇ ਲਾਂਚ ਕਰਦੇ ਸਨ। ਇਸ ਤੋਂ ਬਾਅਦ ਮੂਸੇਵਾਲਾ ਨੇ ਕਈ ਦੇਸ਼ਾਂ ਵਿੱਚ ਸਟੇਜ ਸ਼ੋਅ ਕੀਤੇ, ਜਿਸ ਦਾ ਮੈਨੇਜਮੈਂਟ ਇਹ ਵੇਖ ਦੇ ਸਨ ਪਰ ਜਦੋਂ ਸਿੱਧੂ ਮੂਸੇਵਾਲਾ ਨੂੰ ਪਤਾ ਚੱਲਿਆ ਕਿ ਦੋਵੇਂ ਉਸ ਦੇ ਸਟੇਜ ਸ਼ੋਅ ਦੀ ਕਮਾਈ ਹੜੱਪ ਰਹੇ ਹਨ ਅਤੇ ਉਸ ਨੂੰ ਥੋੜ੍ਹਾ ਹੀ ਹਿੱਸਾ ਮਿਲ ਦਾ ਹੈ ਤਾਂ ਮੂਸੇਵਾਲਾ ਨੇ ਐਗਰੀਮੈਂਟ ਤੋੜ ਦਿੱਤਾ, ਜਿਸ ਤੋਂ ਬਾਅਦ ਦੋਵਾਂ ਨੇ ਗੈਂਗਸਟਰਾਂ ਦੇ ਜ਼ਰੀਏ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
3 ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕੀਤਾ ਗਿਆ
ਸੂਤਰਾਂ ਮੁਤਾਬਿਕ 3 ਤਰੀਕੇ ਨਾਲ ਦੋਵਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਉਨ੍ਹਾਂ ਮੂਸੇਵਾਲਾ ਨੂੰ ਕੈਨੇਡਾ ਵਿੱਚ ਸ਼ੋਅ ਕਰਨ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਸਿੱਧੂ ਨੇ ਕਬੂਲ ਕਰ ਲਿਆ ਅਤੇ ਕੈਨੇਡਾ ਵਿੱਚ ਕਾਮਯਾਬ ਸ਼ੋਅ ਕਰਕੇ ਵਿਖਾਇਆ। ਇਸ ਤੋਂ ਬਾਅਦ ਦੋਵਾਂ ਨੇ ਇੱਕ Y-TUBE ਚੈਨਲ ਬਣਾਇਆ ਅਤੇ ਸਿੱਧੂ ਦੇ ਗਾਣੇ ਲੀਕ ਕਰਨੇ ਸ਼ੁਰੂ ਕਰ ਦਿੱਤੇ ਅਤੇ ਮਾਲੀ ਨੁਕਸਾਨ ਪਹੁੰਚਾਇਆ। ਇਸ ਦੇ ਬਾਵਜੂਦ ਜਦੋਂ ਮੂਸੇਵਾਲਾ ਦਬਾਅ ਵਿੱਚ ਨਹੀਂ ਆਇਆ ਤਾਂ ਇਨ੍ਹਾਂ ਲੋਕਾਂ ਨੇ ਗੈਂਗਸਟਰਾਂ ਦੇ ਜ਼ਰੀਏ ਮੂਸੇਵਾਲਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ।
ਇੱਕ ਹੋਰ ਗਾਇਕ ਪਿਤਾ ਦੇ ਨਿਸ਼ਾਨੇ ‘ਤੇ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਿਸ਼ਾਨੇ ‘ਤੇ ਪੰਜਾਬੀ ਮਿਉਜ਼ਿਕ ਸਨਅਤ ਦਾ ਇੱਕ ਹੋਰ ਗਾਇਕ ਹੈ। ਕੈਂਡਲ ਮਾਰਚ ਵਿੱਚ ਪਿਤਾ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗਾਇਕ ਜੋ ਗੈਂਗਸਟਰਾਂ ਨੂੰ ਆਪਣਾ ਭਰਾ ਕਹਿੰਦੇ ਹਨ ਅਤੇ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗ ਦੇ ਹਨ, ਇਸ ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਹਨ। ਇਸ ਗਾਇਕ ਦਾ ਨਾਂ ਪਹਿਲਾਂ ਵੀ ਮੂ੍ਸੇਵਾਲਾ ਦੇ ਕਤਲ ਨਾਲ ਜੁੜਿਆ ਸੀ ਪਰ ਪੁਲਿਸ ਨੇ ਇਨਕਾਰ ਕਰ ਦਿੱਤਾ ਸੀ।