ਬਿਊਰੋ ਰਿਪੋਰਟ : ਮਰਹੂਮ ਪੰਜਾਬ ਗਾਈਕ ਸਿੱਧੂ ਮੂਸੇਵਾਲ ਦੇ ਮਾਪਿਆਂ ਨੇ ਜਲੰਧਰ ਜ਼ਿਮਨੀ ਚੋਣ ਦੇ ਲਈ ਸਰਕਾਰ ਦੇ ਖਿਲਾਫ ਅਤੇ ਪੁੱਤਰ ਦੇ ਇਨਸਾਫ ਦੇ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। 2 ਦਿਨਾਂ ਦੇ ਪ੍ਰਚਾਰ ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਨੇ ਫਿਲੌਰ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡਾ ਪ੍ਰਚਾਰ ਕਿਸੇ ਪਾਰਟੀ ਦੇ ਨਹੀਂ ਬਲਕਿ ਸਰਕਾਰ ਦੇ ਖਿਲਾਫ਼ ਹੈ। ਲੋਕ ਭਾਵੇਂ ਜਿਸ ਮਰਜ਼ੀ ਪਾਰਟੀ ਨੂੰ ਵੋਟ ਪਾਉਣ, ਜੇਕਰ ਕੋਈ ਨਹੀਂ ਪਸੰਦ ਤਾਂ ਨੋਟਾ ਨੂੰ ਵੋਟ ਪਾ ਸਕਦੇ ਹਨ।
ਫਿਲੌਰ ਤੋਂ ਪ੍ਰਚਾਰ ਸ਼ੁਰੂਆਤ ਦੌਰਾਨ ਰੋਸ ਵਿੱਚ ਪਿਤਾ ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਮੈਨੂੰ ਕਿਹਾ ਗਿਆ ਸੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣੀ ਹੈ ਪਰ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ, ਕੋਈ ਮੁਲਾਕਾਤ ਨਹੀਂ ਕਰਵਾਈ ਗਈ।
ਬਲਕੌਰ ਸਿੰਘ ਨੇ ਕਿਹਾ ਜਦੋਂ ਉਨ੍ਹਾਂ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਦਰ ‘ਤੇ ਜਾਕੇ ਇਨਸਾਫ ਮੰਗਣ ਦੀ ਗੱਲ ਕੀਤੀ ਤਾਂ ਸਰਕਾਰ ਦੇ ਮੰਤਰੀ ਕਹਿ ਰਹੇ ਹਨ ਕਿ ਮੈਂ ਸਿਆਸਤ ਕਰ ਰਿਹਾ ਹਾਂ। ਜਦਕਿ ਮੇਰੇ ਪੁੱਤ ਦੀ ਮੌਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਚੋਣਾਂ ਦੌਰਾਨ ਸਿਆਸਤ ਕੀਤੀ, ਜਦੋਂ ਉਨ੍ਹਾਂ ਨੇ ਕਿਹਾ ਸੀ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਡਿਟੇਨ ਕੀਤਾ ਗਿਆ ਹੈ। ਫਿਰ ਪੁੱਤ ਦੇ ਕਾਤਲ ਸਚਿਨ ਅਤੇ ਅਨਮੋਲ ਬਿਸ਼ਨੋਈ ਨੂੰ ਡਿਟੇਨ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਉਹ ਅਮਰੀਕਾ ਵਿੱਚ ਮੌਜ ਕਰ ਰਹੇ ਹਨ। ਉਨ੍ਹਾਂ ਕਿਹਾ ਮੈਂ ਪੁਲਿਸ ਦੇ ਆਲਾ ਅਧਿਕਾਰੀਆਂ, ਮੰਤਰੀਆਂ ਅਤੇ ਗ੍ਰਹਿ ਮੰਤਰੀ ਨੂੰ ਮਿਲਿਆ ਪਰ ਮੇਰੇ ਪੁੱਤਰ ਨੂੰ ਕਿਸੇ ਨੇ ਇਨਸਾਫ ਨਹੀਂ ਦਿੱਤਾ ।
‘ਕਾਤਲ ਚੋਣਾਂ ਵਿੱਚ ਮੁੱਖ ਜ਼ਿੰਮੇਵਾਰੀ ਨਿਭਾ ਰਹੇ ਹਨ’
ਬਲੌਕਰ ਸਿੰਘ ਨੇ ਜਲੰਧਰ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਕਰਨ ਤੋਂ ਪਹਿਲਾਂ ਪੁੱਤਰ ਦੇ ਬੁੱਤ ਸਾਹਮਣੇ ਖੜੇ ਹੋਕੇ ਕਿਹਾ ਸਾਨੂੰ ਇੱਕ ਸਾਲ ਤੋਂ ਕੋਈ ਇਨਸਾਫ ਨਹੀਂ ਮਿਲਿਆ ਹੈ। ਸਾਡੇ ਨਾਲ ਆਮ ਜਨਤਾ ਖੜੀ ਹੈ। ਪ੍ਰਸ਼ਾਸਨ ਅਤੇ ਸਰਕਾਰ ਨੇ ਸਾਡੇ ਲਈ ਕੁੱਝ ਵੀ ਖਾਸ ਨਹੀਂ ਕੀਤਾ। ਸਾਡੇ ਅੰਦਰ ਰੋਸ ਹੈ ਅਸੀਂ ਲੋਕਾਂ ਨੂੰ ਜਾਕੇ ਦੱਸਾਂਗੇ ਕਿ ਸਾਡਾ ਰੋਸ ਕੀ ਹੈ? ਮੇਰੇ ਪੁੱਤਰ ਦੇ ਕਾਤਲ ਕਿਉਂ ਨਹੀਂ ਫੜੇ ਜਾਂਦੇ, ਜਿਹੜੇ ਕਾਤਲ ਹਨ ਉਹ ਚੋਣਾਂ ਵਿੱਚ ‘ਮੁੱਖ ਜ਼ਿੰਮੇਵਾਰੀ’ ਨਿਭਾ ਰਹੇ ਹਨ। ਅਸੀਂ ਇਨਸਾਫ ਦਾ ਸੁਨੇਹਾ ਲੋਕਾਂ ਤੱਕ ਪਹੁੰਚਾ ਰਹੇ ਹਾਂ। ਸਾਡੇ ਕੋਲ ਪੁੱਤਰ ਦੇ ਸੁਆਹ ਦੀ ਮੁੱਠੀ ਬਚੀ ਹੈ
।
ਜ਼ਿਮਨੀ ਚੋਣ ਦੇ ਲਈ ਸ਼ੈਡੂਲ
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ 5 ਮਈ ਯਾਨੀ ਅੱਜ ਤੋਂ ਜਲੰਧਰ ਜ਼ਿਮਨੀ ਚੋਣ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਫਿਲੌਰ ਵਿੱਚ ਸੰਬੋਧਨ ਤੋਂ ਬਾਅਦ ਹੁਣ ਉਹ ਜੰਡਿਆਲਾ ਕੈਂਟ, ਨਕੋਦਰ ਅਤੇ ਸ਼ਾਹਕੋਟ ਪਹੁੰਚਣਗੇ। ਦੂਜੇ ਦਿਨ 6 ਮਈ ਨੂੰ ਸਵੇਰੇ 11 ਵਜੇ ਕਰਤਾਰਪੁਰ ਦੇ ਲਾਂਬੜਾ ਚੌਕ, ਜਲੰਧਰ ਵੈਸਟ, ਕਰਤਾਰਪੁਰ ਦੇ ਸਿਟੀ ਚੌਕ, ਆਦਮਪੁਰ, ਕਰਤਾਰਪੁਰ ਦੇ ਮੇਨ ਚੌਕ ਜੰਡੂ ਸਿੰਘਾ ਅਤੇ ਬਾਅਦ ਵਿੱਚ ਜਲੰਧਰ ਸੈਂਟਰਲ ਪਹੁੰਚਣਗੇ।