Punjab

ਸਿੱਧੂ ਮੂ੍ਸੇਵਾਲਾ ‘ਤੇ ਨਵੇਂ ਖੁਲਾਸੇ ਤੋਂ ਬਾਅਦ ਪਿਤਾ ਨੇ ਬੀਜੇਪੀ ਦੇ ਆਗੂ ‘ਤੇ ਚੁੱਕੇ ਸਵਾਲ !

ਬਿਉਰੋ ਰਿਪੋਰਟ : ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਯੂਪੀ ਦੇ ਅਯੁੱਧਿਆ ਵਿੱਚ ਹੋਣ ਦੇ ਖੁਲਾਸੇ ਅਤੇ ਕਾਤਲਾਂ ਨੂੰ ਬੀਜੇਪੀ ਆਗੂਆਂ ਵੱਲੋਂ ਪਨਾਹ ਦੇਣ ਤੋਂ ਨਰਾਜ਼ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਪਿਤਾ ਨੇ ਪੁੱਛਿਆ ਕਿ ਜਦੋਂ NIA ਨੇ ਜੂਨ ਵਿੱਚ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਬੀਜੇਪੀ ਦੇ ਬਾਹੂਬਲੀ ਆਗੂ ਵਿਕਾਸ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਚਾਰਜਸ਼ੀਟ ਵਿੱਚ ਉਸ ਦਾ ਨਾਂ ਕਿਉਂ ਨਹੀਂ ਸ਼ਾਮਲ ਕੀਤਾ ਗਿਆ । ਉਨ੍ਹਾਂ ਕਿਹਾ ਜਿਹੜੇ ਆਧੁਨਿਕ ਹਥਿਆਰ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਤੋਂ ਮਿਲੇ ਹਨ ਉਸ ਤੋਂ ਸਾਫ ਹੈ ਕਿ ਬਿਨਾਂ ਸਿਆਸੀ ਤਾਕਤ ਦੀ ਸ਼ਰਨ ਤੋਂ ਵੱਡਾ ਅਪਰਾਧ ਨਹੀਂ ਕੀਤਾ ਜਾ ਸਕਦਾ ਹੈ।

ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਜਿਸ ਬੀਜੇਪੀ ਦੇ ਆਗੂ ਵਿਕਾਸ ਸਿੰਘ ਦੇ ਫਾਰਮ ਹਾਊਸ ਵਿੱਚ ਪੁੱਤਰ ਦੇ ਕਾਤਲ ਰਹੇ ਅਤੇ ਸ਼ੂਟਿੰਗ ਦੀ ਪ੍ਰੈਕਟਿਸ ਕੀਤੀ ਉਸ ਦੇ ਗੁਨਾਹ ਦੀ ਲੰਮੀ ਲਿਸਟ ਹੈਰਾਨ ਕਰਨ ਵਾਲੀ ਹੈ । ਉਹ 1990 ਦੇ ਦਹਾਕੇ ਤੋਂ ਇੱਕ ਗੈਂਗ ਦਾ ਮੈਂਬਰ ਹੈ ਅਤੇ ਉਸੇ ‘ਤੇ ਕਤਲ ਅਤੇ ਜਬਰੀ ਵਸੂਲੀ ਸਮੇਤ 21 ਕੇਸ ਦਰਜ ਹਨ। ਯੂਪੀ ਸਰਕਾਰ ਦੀ ਨੱਕ ਹੇਠ ਉਸ ਨੇ ਆਪਣੇ ਲਖਨਊ ਦੇ ਫਲੈਟ ਵਿੱਚ ਮੋਹਾਲੀ ਵਿੱਚ ਪੰਜਾਬ ਦੇ ਖੁਫ਼ੀਆ ਹੈੱਡਕੁਆਰਟਰ ਦੇ ਕਥਿਤ ਹਮਲਾਵਰਾਂ ਨੂੰ ਪਨਾਹ ਦਿੱਤੀ। ਇਹ ਲੋਕ 2 ਕਾਰੋਬਾਰੀਆਂ ਦੇ ਕਤਲ ਸਮੇਤ 10 ਕੇਸਾਂ ਵਿੱਚ ਨਾਮਜ਼ਦ ਸਨ । ਇਸ ਤੋਂ ਇਲਾਵਾ ਸਿੱਧੂ ਨੂੰ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ।

ਪਿਤਾ ਬਲਕੌਰ ਸਿੰਘ ਨੇ ਇਲਜਾਮ ਲਗਾਇਆ ਕਿ ਵਿਕਾਸ ਸਿੰਘ ਦੀ ਬੀਜੇਪੀ ਦੇ ਵੱਡੇ ਆਗੂਆਂ ਦੇ ਨਾਲ ਉੱਠਣਾ-ਬਹਿਣਾ ਹੈ ਉਸ ਨੇ 2022 ਦੀਆਂ ਵਿਧਾਨਸਭਾ ਚੋਣਾ ਵਿੱਚ ਬੀਜੇਪੀ ਦੀ ਆਗੂ ਆਰਤੀ ਤਿਵਾਰੀ ਲਈ ਪ੍ਰਚਾਰ ਵੀ ਕੀਤਾ ਸੀ। ਇੱਕ ਹੋਰ ਬਾਹੂਬਲੀ ਬ੍ਰਿਜ ਭੂਸ਼ਣ ਸ਼ਰਨ ਦਾ ਵੀ ਨਜ਼ਦੀਕੀ ਹੈ,ਜਿਸ ‘ਤੇ ਪਹਿਲਵਾਨਾਂ ਵੱਲੋਂ ਛੇੜਛਾੜ ਦਾ ਇਲਜ਼ਾਮ ਲੱਗਿਆ ਸੀ,ਉਸ ‘ਤੇ 38 ਕੇਸ ਹਨ।

ਗੈਂਗਸਟਰ ਸਿਆਸਤਦਾਨ ਕਿਉਂ ਬਣ ਰਹੇ ਹਨ ?

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਛਿਆ ਕਿ ਗੈਂਗਸਟਰ ਆਖਿਰ ਆਗੂ ਕਿਉਂ ਬਣ ਰਹੇ ਹਨ ਉਨ੍ਹਾਂ ਨੂੰ ਸਿਆਸੀ ਆਗੂ ਸ਼ਰਨ ਕਿਉਂ ਦਿੰਦੇ ਹਨ ? ਪਹਿਲਾਂ ਇਨ੍ਹਾਂ ਨੇ ਕਿਸੇ ਹੋਰ ਨੂੰ ਮਾਰਿਆ ਫਿਰ ਇਸ ਰਾਜਨੀਤੀ-ਗੈਂਗਸਟਰ ਗਠਜੋੜ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ,ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ । ਕਦੋਂ ਤੱਕ ਇਸ ਦੇਸ਼ ਵਿੱਚ ਅਜਿਹੇ ਲੋਕਾਂ ਦਾ ਸ਼ਿਕਾਰ ਹੋਣਾ ਪਏਗਾ ਜਿੰਨਾਂ ਲਈ ਕਾਨੂੰਨ ਇਨ੍ਹਾਂ ਦੇ ਪੈਰਾਂ ਹੇਠਾਂ ਹੈ ? ਕਦੋਂ ਤੱਕ ਅਸੀਂ ਆਪਣੀ ਧੀਆਂ-ਪੁੱਤਾਂ ਲਈ ਬੇਵੱਸ ਰਹਾਂਗੇ ?

ਸਚਿਨ ਬਿਸ਼ਨੋਈ ਤੋਂ ਬਾਅਦ ਹੁਣ ਧਰਮਜੋਤ ਕਾਹਲੋਂ ਦਾ ਨੰਬਰ

ਸਚਨ ਬਿਸ਼ਨੋਈ ਨੂੰ ਵਿਦੇਸ਼ ਤੋਂ ਲਿਆਉਣ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਕੇਸ ਨਾਲ ਸਬੰਧਤ ਧੜਮਜੋਤ ਸਿੰਘ ਕਾਹਲੋਂ ਨੂੰ ਕੈਲੀਪੋਰਨੀਆਂ ਤੋਂ ਭਾਰਤ ਲਿਆਉਣ ਦੀ ਤਿਆਰ ਚੱਲ ਰਹੀ ਹੈ । ਕੁਝ ਦਿਨ ਪਹਿਲਾਂ ਅਜ਼ਰਬਾਈਜਾਨ ਤੋਂ ਲਿਆਂਦਾ ਗਿਆ ਸਚਿਨ ਬਿਸ਼ਨੋਈ ਸੁਰੱਖਿਆ ਏਜੰਸੀਆਂ ਦੀ ਪੁੱਛਗਿੱਛ ‘ਚ ਕਈ ਖੁਲਾਸੇ ਕਰ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਹਥਿਆਰ ਕਾਹਲੋਂ ਨੇ ਹੀ ਮੁਹੱਈਆ ਕਰਵਾਏ ਸਨ।

ਕਾਹਲੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਹਨ। ਧਰਮਜੋਤ ਖਿਲਾਫ ਲੁੱਕਆਊਟ ਸਰਕੂਲਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਧਰਮਜੋਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਵੀ ਕਰੀਬੀ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਹੁਣ ਤੱਕ ਵਿਦੇਸ਼ਾਂ ਤੋਂ ਦੋ ਮੁਲਜ਼ਮਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸਚਿਨ ਬਿਸ਼ਨੋਈ ਅਤੇ ਬਿਕਰਮ ਬਰਾੜ ਦੇ ਨਾਂ ਸ਼ਾਮਲ ਹਨ।

ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਵੀ ਯਤਨ ਜਾਰੀ ਹਨ। ਦੂਜੇ ਪਾਸੇ ਪੰਜਾਬ ‘ਚ ਕੁਝ ਦਿਨ ਪਹਿਲਾਂ ਹੀ ਵੱਖ-ਵੱਖ ਥਾਵਾਂ ‘ਤੇ ਹਥਿਆਰਾਂ ਦੀ ਖੇਪ ਫੜੀ ਗਈ ਹੈ। ਕੀ ਕਾਹਲੋਂ ਨੇ ਇਹ ਖੇਪ ਮੰਗਵਾਈ ਹੈ? ਪੁਲਿਸ ਇਸ ਦਿਸ਼ਾ ਵਿੱਚ ਵੀ ਜਾਂਚ ਕਰ ਰਹੀ ਹੈ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA ) ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸਿੱਧੂ ਦੇ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੈਂਗਸਟਰਾਂ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਇੱਕ ਰਾਜਨੇਤਾ ਦੇ ਘਰ ਦੇ ਫਾਰਮ ਹਾਊਸ ਵਿੱਚ ਹਥਿਆਰਾਂ ਦੀ ਸਿਖਲਾਈ ਲਈ ਸੀ। ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ। NIA ਲਗਾਤਾਰ ਸਚਿਨ ਤੋਂ ਪੁੱਛਗਿੱਛ ਕਰ ਰਹੀ ਹੈ।