ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲੈਕੇ ਅਹਿਮ ਖ਼ਬਰ ਆ ਰਹੀ ਹੈ । ਉਨ੍ਹਾਂ ਦੀ ਤਬੀਅਤ ਇੱਕ ਵਾਰ ਮੁੜ ਤੋਂ ਅਚਾਨਕ ਵਿਗੜਨ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ PGI ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ। ਪਿਤਾ ਬਲਕੌਰ ਦੇ ਦਿਲ ਵਿੱਚ ਕੁਝ ਸਮੇਂ ਪਹਿਲਾਂ ਸਟੰਟ ਪਿਆ ਸੀ । ਜਿਸ ਵਿੱਚ ਮੁੜ ਤੋਂ ਪਰੇਸ਼ਾਨੀ ਆ ਰਹੀ ਸੀ । ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ PGI ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ ਸੀ ।
ਬਲਕੌਰ ਸਿੰਘ ਦੇ PGI ਭਰਤੀ ਹੋਣ ਬਾਰੇ ਉਨ੍ਹਾਂ ਦੇ ਵੱਡੇ ਭਰਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ । ਇਸ ਤੋਂ ਪਹਿਲਾਂ ਪਿਛਲੇ ਸਾਲ 15 ਸਤੰਬਰ ਨੂੰ ਪਿਤਾ ਬਲਕੌਰ ਸਿੰਘ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੇ ਦਿਲ ਵਿੱਚ ਸਟੰਟ ਪਿਆ ਸੀ । ਪਰ ਹੁਣ ਇਸ ਨੂੰ ਲੈਕੇ ਮੁੜ ਤੋਂ ਪਰੇਸ਼ਾਨੀ ਆ ਰਹੀ ਹੈ ।
ਸਤੰਬਰ ਵਿੱਚ ਸਟੰਟ ਪਵਾਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ 2 ਵਾਰ ਇੰਗਲੈਂਡ ਵੀ ਗਏ ਸਨ ਅਤੇ ਪੁੱਤਰ ਦੇ ਫੈਨਸ ਨਾਲ ਮਿਲੇ ਅਤੇ ਦੁੱਖ ਸਾਂਝਾ ਕੀਤਾ । ਮੂਸੇਵਾਲਾ ਦੇ ਪਿਤਾ ਨੇ ਪੁੱਤਰ ਦੇ ਇਨਸਾਫ ਲਈ ਇਸ ਦੌਰਾਨ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਕਈ ਮੀਟਿੰਗਾਂ ਕੀਤੀਆਂ । ਹਰ ਐਤਵਾਰ ਨੂੰ ਉਹ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਲੜੀ ਜਾਣ ਵਾਲੀ ਲੜਾਈ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ ਹਨ । ਸਿਰਫ਼ ਇਨ੍ਹਾਂ ਹੀ ਨਹੀਂ ਸੰਬੋਧਨ ਦੌਰਾਨ ਪੁੱਤਰ ਦੇ ਸੁਪਣਿਆਂ ਨੂੰ ਕਿਵੇਂ ਪੂਰਾ ਕਰਨਾ ਹੈ ਇਸ ਬਾਰੇ ਵੀ ਲੋਕਾਂ ਨੂੰ ਦੱਸ ਦੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਪਿਤਾ ਬਲਕੌਰ ਸਿੰਘ ਨਜ਼ਰ ਆਏ ਸਨ । ਜਵਾਨ ਪੁੱਤ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਿਤਾ ਬਲਕੌਰ ਸਿੰਘ ਦੀ ਸਿਹਤ ‘ਤੇ ਕਾਫੀ ਅਸਰ ਪਿਆ ਸੀ । ਹਾਲਾਂਕਿ ਉਹ ਚਟਾਨ ਵਾਂਗ ਹੁਣ ਵੀ ਇਨਸਾਫ਼ ਦੀ ਲੜਾਈ ਲੜ ਰਹੇ ਹਨ । ਸਿੱਧੂ ਮੂਸੇਵਾਲਾ ਦੇ ਪੂਰੀ ਦੁਨੀਆ ਵਿੱਚ ਬੈਠੇ ਫੈਨਸ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ । ਉਮੀਦ ਹੈ ਕਿ ਉਹ ਜਲਦ ਠੀਕ ਹੋਕੇ ਇੱਕ ਵਾਰ ਮੁੜ ਤੋਂ ਆਪਣੇ ਪੁੱਤਰ ਦੇ ਸੁਪਣਿਆਂ ਨੂੰ ਪੂਰਾ ਕਰਨ ਦੇ ਲਈ ਕਦਮ ਅੱਗੇ ਵਧਾਉਣਗੇ ।