Punjab

ਮੂਸੇਵਾਲਾ ਮਾਮਲੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ! 11 ਨਵੀਆਂ ਤਸਵੀਰਾਂ ਨੇ ਪੁਰਾਣੇ ਦਾਅਵਿਆਂ ਨੂੰ ਪਲਟ ਦਿੱਤਾ !

ਬਿਉਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ । ਗਾਇਕ ਦੇ ਕਤਲ ਮਾਮਲੇ ਵਿੱਚ ਲਾਰੈਂਸ ਗੈਂਗ ਦੇ ਮੈਂਬਰ ਯੂ ਪੀ ਦੇ ਅਯੁੱਧਿਆ ਵਿੱਚ ਇਕੱਠੇ ਹੋਏ ਸਨ। ਅਯੁੱਧਿਆ ਵਿੱਚ ਇਹ ਲੋਕ ਇੱਕ ਆਗੂ ਦੇ ਫਾਰਮ ਹਾਊਸ ਵਿੱਚ ਰਹੇ ਅਤੇ ਉੱਥੇ ਹੀ ਹਥਿਆਰ ਚਲਾਉਣ ਦੀ ਪ੍ਰੈਕਟਿਸ ਕੀਤੀ । ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਪੂਰੀ ਪਲਾਨਿੰਗ ਅਯੁੱਧਿਆ ਵਿੱਚ ਹੀ ਕੀਤੀ ਸੀ।

ਅਜਰਬੈਜਾਨ ਤੋਂ ਗ੍ਰਿਫ਼ਤਾਰ ਕਰਕੇ ਵਾਪਸ ਲਿਆਏ ਗਏ ਲਾਰੈਂਸ ਦੇ ਭਾਣਜੇ ਸਚਿਨ ਥਾਪਣ ਨੇ ਦਿੱਲੀ ਪੁਲਿਸ ਨੂੰ ਜਾਂਚ ਦੌਰਾਨ ਇਸ ਦਾ ਖ਼ੁਲਾਸਾ ਕੀਤਾ ਹੈ । ਜਾਂਚ ਦੇ ਬਾਅਦ ਪੁਲਿਸ ਨੇ ਕੁਝ ਫ਼ੋਟੋਆਂ ਵੀ ਜਾਰੀ ਕੀਤੇ ਹਨ । ਜਿਸ ਵਿੱਚ ਸਚਿਨ ਥਾਪਣ ਦੇ ਨਾਲ ਲਾਰੈਂਸ ਗੈਂਗ ਦੇ 2 ਸ਼ੂਟਰ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਵੀ ਨਜ਼ਰ ਆ ਰਹੇ ਹਨ। ਮੂਸੇਵਾਲਾ ਦੇ ਕਾਤਲਾਂ ਨੂੰ ਵਿਦੇਸ਼ ਤੋਂ ਲਿਆਉਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬਿਆਨ ਵੀ ਦਿੱਤਾ ਸੀ । ਜਾਂਚ ਏਜੰਸੀਆਂ ਨੂੰ ਲਾਰੈਂਸ ਗੈਂਗ ਦਾ ਯੂ ਪੀ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ।

ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਜਵਾਹਰ ਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਦੇ ਮੁਤਾਬਿਕ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 2 ਮੁਲਜ਼ਮਾਂ ਨੂੰ ਪੁਲਿਸ ਨੇ ਐਂਕਾਉਂਟਰ ਵਿੱਚ ਮਾਰ ਦਿੱਤਾ ਸੀ ਜਦਕਿ 5 ਦੂਜੇ ਮੁਲਕ ਵਿੱਚ ਬੈਠੇ ਹਨ । ਉਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸਿਸ਼ ਚੱਲ ਰਹੀ ਹੈ । ਇਸ ਦੇ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਦੂਜੀ ਏਜੰਸੀਆਂ ਦੇ ਸੰਪਰਕ ਵਿੱਚ ਹੈ ।

ਸ਼ੂਟਰ ਕੋਲ ਹਥਿਆਰਾਂ ਦਾ ਜ਼ਖ਼ੀਰਾ

ਪੁਲਿਸ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਲਾਰੈਂਸ ਗੈਂਗ ਦੇ ਇਨ੍ਹਾਂ ਸ਼ੂਟਰਾਂ ਨੂੰ ਯੂ ਪੀ ਦੇ ਵੱਡੇ ਆਗੂ ਨੂੰ ਮਾਰਨ ਦੀ ਸੁਪਾਰੀ ਮਿਲੀ ਸੀ । ਪਰ ਕਿਸੇ ਵਜ੍ਹਾ ਨਾਲ ਪਲਾਨ ਸਿਰੇ ਨਹੀਂ ਚੜ ਸਕਿਆ ਹੈ । ਇਸ ਦੇ ਬਾਅਦ ਗੈਂਗ ਨੇ ਪੰਜਾਬ ਵਾਪਸ ਆ ਗਿਆ ਅਤੇ ਮੂਸੇਵਾਲਾ ਦਾ ਕਤਲ ਕਰ ਦਿੱਤਾ । ਪੁਲਿਸ ਨੇ ਜਿਹੜੀਆਂ ਫ਼ੋਟੋਆਂ ਜਾਰੀ ਕੀਤੀਆਂ ਹਨ, ਉਸ ਵਿੱਚ ਲਾਰੈਂਸ ਦੇ ਸ਼ੂਟਰ ਵਿਦੇਸ਼ੀ ਹਥਿਆਰਾਂ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ‘ਤੇ 100 ਤੋਂ ਵੱਧ ਗੋਲੀਆਂ ਚਲਾਇਆ ਗਈਆਂ।

ਸਚਿਨ ਦੇ ਨਾਲ ਕਪਿਲ ਪਾਂਡੇ

ਸਚਿਨ ਥਾਪਣ ਅਤੇ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਦੀ ਜਿਹੜੀਆਂ 11 ਫ਼ੋਟੋਆਂ ਸਾਹਮਣੇ ਆਈਆਂ ਹਨ, ਉਹ ਯੂ ਪੀ ਦੇ ਅਯੁੱਧਿਆ ਅਤੇ ਲਖਨਊ ਦੀਆਂ ਹਨ। ਇਸ ਫ਼ੋਟੋਆਂ ਵਿੱਚ ਸਚਿਨ ਥਾਪਣ ਵੀ ਹੈ ਅਤੇ ਲਾਰੈਂਸ ਦਾ ਸ਼ੂਟਰ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਵੀ ਹਥਿਆਰਾਂ ਨਾਲ ਵਿਖਾਈ ਦੇ ਰਿਹਾ ਹੈ। ਫ਼ੋਟੋਆਂ ਵਿੱਚ ਲਾਰੈਂਸ ਦੇ ਗੈਂਗ ਦੇ ਮੈਂਬਰਾਂ ਨੇ ਠੰਢ ਵਾਲੇ ਕੱਪੜੇ ਪਾਏ ਹਨ ਜਦਕਿ ਕਤਲ 29 ਮਈ 2022 ਨੂੰ ਹੋਇਆ ਸੀ, ਇਸ ਤੋਂ ਸਾਫ਼ ਹੈ ਕਿ ਕਤਲ ਦੀ ਸਾਜ਼ਸ਼ ਕਾਫ਼ੀ ਪਹਿਲਾਂ ਤੋਂ ਤਿਆਰ ਹੋ ਚੁੱਕੀ ।

ਪਾਕਿਸਤਾਨ ਤੋਂ ਅਯੁੱਧਿਆ ਪਹੁੰਚਾਏ ਗਏ ਹਥਿਆਰ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਤੋਂ ਸਮਗਲ ਕੀਤੇ ਗਏ ਹਥਿਆਰ ਪਹਿਲਾਂ ਅਯੁੱਧਿਆ ਆਏ । ਉਸ ਦੇ ਬਾਅਦ ਹਥਿਆਰ ਲਾਰੈਂਸ ਗੈਂਗ ਦੇ ਸ਼ੂਟਰਾਂ ਨੂੰ ਦਿੱਤੇ ਗਏ। ਲਾਰੈਂਸ ਗੈਂਗ ਦੇ ਸ਼ੂਟਰਾਂ ਨੇ ਕਈ ਦਿਨਾਂ ਤੱਕ ਅਯੁੱਧਿਆ ਵਿੱਚ ਰਹਿ ਕੇ ਇੱਕ ਸਥਾਨਕ ਆਗੂ ਦੇ ਫਾਰਮ ਹਾਊਸ ਵਿੱਚ ਹਥਿਆਰਾਂ ਨਾਲ ਸ਼ੂਟਿੰਗ ਦੀ ਪ੍ਰੈਕਟਿਸ ਵੀ ਕੀਤੀ ਸੀ ।

ਪੁਲਿਸ ਸਚਿਨ ਨੂੰ ਲੈ ਕੇ ਜਾਵੇਗੀ ਅਯੁੱਧਿਆ

ਸੂਤਰਾਂ ਦੇ ਮੁਤਾਬਿਕ ਲਾਰੈਂਸ ਦੇ ਭਾਣਜੇ ਸਚਿਨ ਬਿਸ਼ਨੋਈ ਆਪ ਕਈ ਦਿਨਾਂ ਤੋਂ ਆਪਣੇ ਗੈਂਗ ਦੇ ਲੋਕਾਂ ਦੇ ਨਾਲ ਅਯੁੱਧਿਆ ਅਤੇ ਲਖਨਊ ਦੀਆਂ ਵੱਖ-ਵੱਖ ਥਾਵਾਂ ‘ਤੇ ਰਿਹਾ ਸੀ । ਪੁਲਿਸ ਹੁਣ ਯੂ ਪੀ ਵਿੱਚ ਲਾਰੈਂਸ ਦੇ ਗੈਂਗਸਟਰਾਂ ਦੀ ਪਛਾਣ ਕਰੇਗੀ। ਇਸ ਦੇ ਲਈ ਪੁਲਿਸ ਹੁਣ ਸਚਿਨ ਨੂੰ ਯੂ ਪੀ ਲੈ ਕੇ ਜਾਵੇਗੀ ।