ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ 30 ਅਕਤੂਬਰ ਨੂੰ ਜਿਸ ਪੁਲਿਸ ਮੁਲਾਜ਼ਮ ਪ੍ਰਿਤਪਾਲ ਸਿੰਘ ‘ਤੇ ਗੈਂਗਸਟਰਾਂ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਸੀ, ਉਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰਿਤਪਾਲ ਸਿੰਘ ਮਾਨਸਾ ਸੈਂਟਰਲ ਇਨਵੈਸਟੀਗੇਸ਼ਨ ਏਜੰਸੀ (CIA) ਦਾ ਸਾਬਕਾ ਇੰਚਾਰਜ ਸੀ । ਉਸ ‘ਤੇ ਇਲਜ਼ਾਮ ਸੀ ਕਿ ਉਸ ਨੇ ਦੀਪਕ ਟੀਨੂੰ ਹਿਰਾਸਤ ਵਿੱਚੋ ਭਜਾਇਆ ਸੀ। ਜਿਸ ਤੋਂ ਬਾਅਦ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। SI ਪ੍ਰਿਤਪਾਲ ਸਿੰਘ ਦਾ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਹੈ ਉਹ 13 ਜੁਲਾਈ ਚੰਡੀਗੜ੍ਹ ਦੇ ਇੱਕ ਕਲੱਬ ਦਾ ਹੈ। ਜਿਸ ਵਿੱਚ ਉਹ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਦੀਪਕ ਟੀਨੂੰ ਦੇ ਸਾਥੀ ਮੋਹਿਤ ਭਾਰਦਵਾਜ ਨੇ ਗੈਂਗਸਟਰ ਦੇ ਕਹਿਣ ‘ਤੇ ਹੀ SI ਲਈ ਕਲੱਬ ਵਿੱਚ ਇੰਤਜ਼ਾਮ ਕੀਤਾ ਸੀ। ਚੰਡੀਗੜ੍ਹ ਦੇ ਬਾਪੂ ਧਾਮ ਤੋਂ ਮੋਹਿਤ ਨੂੰ ਸ਼ੁੱਕਵਾਰ ਨੁੰ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ । ਜਿਸ ਤੋਂ ਬਾਅਦ ਹੀ ਪੁਲਿਸ ਦੇ ਹੱਥ ਇਹ ਜਾਣਕਾਰੀ ਲੱਗੀ ਸੀ । ਵੀਡੀਓ ਵਿੱਚ ਮੋਹਿਤ ਨੇ ਹੀ ਬਣਾਇਆ ਸੀ ।
ਜੁਲਾਈ ਤੋਂ ਸ਼ੁਰੂ ਹੋਈ ਸੀ ਪਲਾਨਿੰਗ
ਟੀਨੂੰ ਦੇ ਭੱਜਣ ਦੀ ਪੂਰੀ ਪਲਾਨਿੰਗ ਜੁਲਾਈ ਦੇ ਮਹੀਨੇ ਤੋਂ ਹੀ ਸ਼ੁਰੂ ਹੋ ਗਈ ਸੀ । ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਹੁਣ ਪੂਰੀ ਤਰ੍ਹਾਂ ਨਾਲ ਸਾਫ਼ ਹੋ ਗਿਆ ਹੈ। ਟੀਨੂੰ ਨੂੰ ਭਜਾਉਣ ਦਾ ਮਾਸਟਰ ਮਾਇੰਡ CIA ਸਟਾਫ ਇੰਚਾਰਜ SI ਪ੍ਰਿਤਪਾਲ ਸਿੰਘ ਨੂੰ ਮੋਹਿਤ ਨੇ ਇਸੇ ਲਈ ਕਲੱਬ ਵਿੱਚ ਮਸਤੀ ਅਤੇ ਬਾਅਦ ਵਿੱਚੋਂ ਸ਼ਾਪਿੰਗ ਕਰਵਾਈ ਸੀ । ਟੀਨੂੰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਗਿਰਫ਼ਤਾਰ ਹੋਇਆ ਸੀ ਪਰ ਪ੍ਰਿਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋ ਗਿਆ ਸੀ । ਦਿੱਲੀ ਪੁਲਿਸ ਨੇ ਉਸ ਨੂੰ ਰਾਜਸਥਾਨ ਤੋਂ ਕਾਬੂ ਕੀਤਾ ਸੀ। ਟੀਨੂੰ ਨੂੰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈਕੇ ਆਈ ਸੀ। 1 ਅਕਤੂਬਰ ਨੂੰ ਟੀਨੂੰ ਹਿਰਾਸਤ ਤੋਂ ਫਰਾਰ ਹੋ ਗਿਆ ਸੀ ।
CIA ਪ੍ਰਿਤਪਾਲ ਸਿੰਘ ਦਾ ਗੈਂਗਸਟਰਾਂ ਨਾਲ ਰਿਸ਼ਤਾ ਦੱਸਿਆ
ਐਤਵਾਰ 30 ਅਕਤੂਬਰ ਨੂੰ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਤਲ ਦੀ ਜਾਂਚ ਕਰ ਰਹੇ CIA ਪ੍ਰਿਤਪਾਲ ਸਿੰਘ ‘ਤੇ ਗੰਭੀਰ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਸਿੱਧੂ ਨੂੰ ਮਾਰਨ ਵਿੱਚ ਮਦਦਗਾਰ ਮੁਲਜ਼ਮਾਂ ਨੂੰ ਪ੍ਰਿਤਪਾਲ ਸਿੰਘ ਨੇ ਕਲੀਨ ਚਿੱਟ ਦਿੱਤੀ ਸੀ। ਪਿਤਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਿਤਪਾਲ ਸਿੰਘ ਗੈਂਗਸਟਰਾਂ ਨਾਲ ਪਾਰਟੀ ਕਰਦਾ ਸੀ ਉਨ੍ਹਾਂ ਨੂੰ ਰੋਟੀ ਖਵਾਉਂਦਾ ਸੀ । ਇਸੇ ਲਈ ਜਿੰਨਾਂ ਲੋਕਾਂ ਨੇ ਸਿੱਧੂ ਨੂੰ ਮਾਰਨ ਵਾਲਿਆਂ ਨੂੰ ਮਾਨਸਾ ਵਿੱਚ ਪਨਾਹ ਦਿੱਤੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ ।