ਬਿਉਰੋ ਰਿਪੋਰਟ : ‘ਜੱਜ ਸਾਬ੍ਹ ਬਹੁਤ ਲੰਮਾ ਕੇਸ ਜਾ ਰਿਹਾ ਹੈ ਕਿ ਇਹ ਨਾ ਹੋਵੇ ਕਿ ਅਸੀਂ ਪੇਸ਼ੀਆਂ ਉਡੀਕ ਦੇ ਹੋਏ ਜਹਾਨ ਤੋਂ ਨਾ ਚੱਲੇ ਜਾਇਏ’ … ‘ਅਸੀਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਕੇ ਆਏ ਹਾਂ,ਇਨਸਾਫ ਦਿਓ ਲੰਮਾ ਸਮਾਂ ਹੋ ਗਿਆ’ । ਇਹ ਉਸ ਪਿਤਾ ਦਾ ਦਰਦ ਹੈ ਜਿਸ ਦੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਪੂਰੀ ਦੁਨੀਆ ਸਿਰ ‘ਤੇ ਚੱਕ ਦੇ ਰੱਖ ਦੀ ਸੀ,ਜਿਸ ਦੇ ਹਜ਼ਾਰਾਂ ਨਹੀਂ ਕਰੋੜਾਂ ਚਾਹਨ ਵਾਲੇ ਸਨ । ਪੁੱਤਰ ਨੂੰ ਸਰੇਆਮ ਗੋਲੀਆਂ ਨਾਲ ਮਾਰ ਦਿੱਤਾ ਹੈ ਅਤੇ ਹੁਣ ਪਿਤਾ ਬਲਕੌਰ ਸਿੰਘ ਡੇਢ ਸਾਲ ਤੋਂ ਅਦਾਲਤ ਵਿੱਚ ਇਸ ਉਮੀਦ ਨਾਲ ਆ ਰਿਹਾ ਕਿ ਉਸ ਦੇ ਮੁਲਜ਼ਮਾਂ ਨੂੰ ਅਦਾਲਤ ਜਲਦ ਸਜ਼ਾ ਸੁਣਾਏ। ਪਰ ਹਰ ਵਾਰ ਵਾਂਗ ਵੀਰਵਾਰ ਨੂੰ ਵੀ ਨਾ ਉਮੀਦੀ ਹੱਥ ਲੱਗੀ ਪੂਰੇ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਸਿਸਟਮ ਤਾਂ ਇਹ ਲੋਕ ਹੀ ਚੱਲਾ ਰਹੇ ਹਨ
ਵੀਰਵਾਰ 19 ਅਕਤੂਬਰ ਨੂੰ ਇੱਕ ਵਾਰ ਮੁੜ ਤੋਂ ਪਿਤਾ ਬਲਕੌਰ ਸਿੰਘ ਅਦਾਲਤ ਆਏ ਇਸ ਉਮੀਦ ਨਾਲ ਕਿ ਪੁੱਤਰ ਦੇ ਕਤਲ ਵਿੱਚ ਸ਼ਾਮਲ 25 ਮੁਲਜ਼ਮ ਪੇਸ਼ ਹੋਣਗੇ ਅਤੇ ਉਨ੍ਹਾਂ ਦੇ ਖਿਲਾਫ ਅਦਾਲਤ ਦੀ ਕਾਰਵਾਈ ਅੱਗੇ ਵਧੇਗੀ ਪਰ ਹੱਥ ਨਿਰਾਸ਼ਾ ਹੀ ਲੱਗੀ, 22 ਮੁਲਜ਼ਮ ਪੇਸ਼ ਹੋਏ ਪਰ ਉਹ ਵੀ ਵੀਡੀਓ ਕਾਂਫਰੈਂਸਿੰਗ ਦੇ ਜ਼ਰੀਏ 3 ਮੁਲਜ਼ਮ ਕਪਿਲ ਪੰਡਿਤ,ਸਚਿਨ ਬਿਵਾਨੀ ਅਤੇ ਜੱਗੂ ਭਗਵਾਨਪੁਰੀਆਂ ਦੀ ਪੇਸ਼ੀ ਨਹੀਂ ਹੋਈ । ਲਾਰੈਂਸ ਬਿਸ਼ਨੋਈ ਵੀਡੀਓ ਕਾਂਫਰੈਂਸਿੰਗ ਦੇ ਜ਼ਰੀਏ ਪੇਸ਼ ਜ਼ਰੂਰ ਹੋਇਆ ਪਰ ਉਸ ਨੇ ਮੋਨ ਵਰਤ ਦਾ ਬਹਾਨਾ ਲੱਗਾ ਕੇ ਕੁਝ ਨਹੀਂ ਬੋਲਿਆ। ਦੁੱਖੀ ਪਿਤਾ ਬਲਕੌਰ ਸਿੰਘ ਨੇ ਕਿਹਾ ਮੈਨੂੰ ਇਹ ਲੱਗ ਰਿਹਾ ਹੈ ਕਿ ਪੂਰਾ ਸਿਸਟਮ ਜਿਵੇਂ ਇਹ ਲੋਕ ਚੱਲਾ ਰਹੇ ਹਨ ਅਸੀਂ ਬੇਬਸ ਬੈਠੇ ਹਾਂ।
ਜੱਜ ਦੀ ਪਿਤਾ ਬਲਕੌਰ ਸਿੰਘ ਨੂੰ ਸਲਾਹ
ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਪੁੱਤਰ ਦੇ ਕਤਲ ਮਾਮਲੇ ਵਿੱਚ ਹਰ ਪੇਸ਼ੀ ਦੌਰਾਨ ਅਦਾਲਤ ਵਿੱਚ ਆਉਂਦੇ ਸਨ ਪਰ ਅੰਦਰ ਜਾਣ ਦੀ ਕਦੇ ਹਿੰਮਤ ਨਹੀਂ ਹੁੰਦੀ ਸੀ । ਅੱਜ ਬਹੁਤ ਹੀ ਉਮੀਦਾਂ ਨਾਲ ਮੈਂ ਅਦਾਲਤ ਦੇ ਅੰਦਰ ਪੇਸ਼ੀ ਦੌਰਾਨ ਜਾਣ ਦਾ ਫੈਸਲਾ ਕੀਤਾ। ਇਸ ਉਮੀਦ ਨਾਲ ਕਿ ਜੱਜ ਸਾਬ੍ਹ ਨੂੰ ਆਪ ਜਾਕੇ ਇਨਸਾਫ ਦੀ ਬੇਨਤੀ ਕਰਾਂਗਾ । ਮੈਂ ਹੱਥ ਜੋੜ ਕੇ ਜੱਜ ਸਾਬ੍ਹ ਕੋਲੋ ਇਨਸਾਫ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਿਹਾ ਤੁਸੀਂ ਹਰ ਪੇਸ਼ੀ ‘ਤੇ ਆਓ ਮੈਂ ਜਲਦ ਤੋਂ ਜਲਦ ਤੋਂ ਇਨਸਾਫ ਕਰਨ ਦੀ ਕੋਸ਼ਿਸ਼ ਕਰਾਂਗਾ। ਇਸੇ ਲਈ ਅਸੀਂ ਹਰ 15 ਦਿਨਾਂ ਦੇ ਅੰਦਰ ਸੁਣਵਾਈ ਰੱਖੀ ਹੈ ।
ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵਕੀਲ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ 22 ਲੋਕਾਂ ਦੀ ਵੀਰਵਾਰ ਨੂੰ ਪੇਸ਼ੀ ਹੋਈ ਬਾਕੀ ਜਿਹੜੇ ਤਿੰਨ ਮੁਲਜ਼ਮਾਂ ਦੀ ਪੇਸ਼ੀ ਨਹੀਂ ਹੋਈ ਉਹ ਕਿਸੇ ਹੋਰ ਕੇਸ ਵਿੱਚ ਦੂਜੀ ਪੇਸ਼ੀ ਦੇ ਲਈ ਗਏ ਸਨ ਅਗਲੀ ਸੁਣਵਾਈ 2 ਨਵੰਬਰ 2023 ਦੀ ਰੱਖੀ ਗਈ ਹੈ ਉਸ ਵਿੱਚ ਉਨ੍ਹਾਂ ਨੂੰ ਪੇਸ਼ ਕਰਕੇ ਕੇਸ ਨੂੰ ਅੱਗੇ ਵਧਾਇਆ ਜਾਵੇਗਾ।
29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਮਾਨਸਾ ਦੇ ਜਵਾਹਰਕੇ ਵਿੱਚ ਸਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਸੀ । ਉਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ 30 ਤੋਂ ਵੱਧ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ । 7 ਸ਼ਾਰਪ ਸ਼ੂਟਰਾਂ ਵਿੱਚੋਂ 3 ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ ਜਦਕਿ 4 ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।