Punjab

ਸਿੱਧੂ ਨੇ ਕੈਪਟਨ ਨੂੰ ਆਪਣੇ ਤਿੰਨ ਸਾਲ ਪੁਰਾਣੇ ਬਿਆਨ ਨਾਲ ਮੁੜ ਘੇਰਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਬੇਅਦਬੀ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹੇ ਕਰਦਿਆਂ ਕਿਹਾ ਕਿ 6 ਸਾਲਾਂ ਬਾਅਦ ਵੀ ਅਸੀਂ ਇੱਕ ਹੋਰ SIT ਵੱਲੋਂ ਜਾਂਚ ਦੀ ਉਡੀਕ ਕਿਉਂ ਕਰ ਰਹੇ ਹਾਂ ? ਜਦਕਿ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ ਅਤੇ ਅਜੇ ਤੱਕ ਮੁੱਖ ਦੋਸ਼ੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ ? ਸਿੱਧੂ ਨੇ ਇਸ ਟਵੀਟ ਦੇ ਨਾਲ ਸਾਲ 2018 ਵਿੱਚ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਪੀੜਿਤ ਪਰਿਵਾਰਾਂ ਨੂੰ ਮਿਲਣ ਸਮੇਂ ਆਪਣੇ ਬਿਆਨ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ। ਇਸ ਵੀਡੀਓ ਵਿੱਚ ਸਿੱਧੂ ਨੇ ਬਾਦਲ ਪਰਿਵਾਰ ਨੂੰ ਕੋਸਿਆ ਹੈ। ਸਿੱਧੂ ਨੇ ਕਾਂਗਰਸ ਦੀ ਮੌਜੂਦਾ ਸਰਕਾਰ ਨੂੰ ਕੋਈ ਵੀ ਕਾਰਵਾਈ ਨਾ ਕਰਨ ਲਈ ਖਮਿਆਜ਼ਾ ਭੁਗਤਣ ਦੀ ਗੱਲ ਕੀਤੀ ਹੈ।

ਪੜ੍ਹੋ ਸਿੱਧੂ ਦਾ ਬਿਆਨ

ਸਿੱਧੂ ਨੇ ਕਿਹਾ ਕਿ ਇਹ ਮਾਮਲਾ ਸ਼ੇਰ ਦੀ ਸਵਾਰੀ ਵਾਲਾ ਕੰਮ ਹੈ, ਜਾਂ ਅਸੀਂ ਨਹੀਂ ਜਾਂ ਉਹ ਨਹੀਂ ਹਨ। ਜੇ ਅਸੀਂ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਗੁਰੂ ਦੇ ਸਿੱਖ ਕਿਵੇਂ ਹੋਏ। ਜਿਨ੍ਹਾਂ ਲੋਕਾਂ ਨੇ ਗੁਰੂ ਦੀ ਬੇਅਦਬੀ ਕੀਤੀ, ਸਾਡੀ ਕੌਮ ਦਾ ਸਭ ਤੋਂ ਵੱਡਾ ਘਾਣ ਕੀਤਾ, ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਘਰ ਬੁਲਾ ਕੇ ਕਿਹਾ ਕਿ ਮੁਆਫੀ ਦੇ।

ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਡੇਰਾ ਸਿਰਸਾ ਮੁਖੀ ਦੇ ਖਿਲਾਫ ਕੇਸ ਦਰਜ ਹੋਣ ਦੇ ਬਾਵਜੂਦ ਵੀ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਅਕਾਲੀ ਦਲ ਨੇ ਉਸ ਨੂੰ ਬਚਾਉਣ ਦੀ ਚਾਰਾਜੋਈ ਕੀਤੀ ਹੈ। 2007 ਤੋਂ ਲੈ ਕੇ 2015 ਤੱਕ ਇਨ੍ਹਾਂ ਨੇ ਉਸਦੇ ਖਿਲਾਫ ਇੱਕ ਵੀ ਚਾਰਜਸ਼ੀਟ ਦਾਇਰ ਨਹੀਂ ਕੀਤੀ। ਬਾਦਲ ਪਰਿਵਾਰ ਨੇ ਸਿਰਸਾ ਮੁਖੀ ਦੇ ਪੈਰਾਂ ‘ਚ ਪੈ ਕੇ ਵੋਟਾਂ ਮੰਗੀਆਂ।

ਸਿੱਧੂ ਨੇ ਜਾਂਚ ਦੇ ਹਵਾਲੇ ਨਾਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਬਹਿਬਲ ਕਲਾਂ ਵਿਖੇ ਰਾਤ ਦੇ ਦੋ ਵਜੇ ਡੀਜੀਪੀ ਨੂੰ ਫੋਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਡੀਜੀਪੀ ਨੇ ਕਿਹਾ ਕਿ ਤੁਹਾਨੂੰ 10 ਮਿੰਟਾਂ ਵਿੱਚ ਸ਼ਹਿਰ ਖਾਲੀ ਕਰਵਾ ਕੇ ਦੇਵਾਂਗਾ, ਕੁੰਜੀਆਂ ਤੁਹਾਡੇ ਹੱਥਾਂ ਵਿੱਚ ਫੜਾ ਦਿਆਂਗਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਤੋਂ ਇੱਕ ਰਾਤ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੀਜੀਪੀ ਨਾਲ ਕਈ ਵਾਰ ਫੋਨ ‘ਤੇ ਗੱਲਬਾਤ ਕੀਤੀ ਸੀ।