‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲਿਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇੱਕ ਵਾਰ ਮੁੜ ਤੋਂ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਨ੍ਹਾਂ ਦੇ ਨਾਪਾਕ ਇਰਾਦੇ ਸਪੱਸ਼ਟ ਹਨ। ਕਿਸੇ ਵੀ ਹਾਈ ਕੋਰਟ ਨੇ ਤੁਹਾਨੂੰ ਸਾਢੇ ਚਾਰ ਸਾਲਾਂ ਵਿੱਚ ਨਹੀਂ ਰੋਕਿਆ। ਜਦੋਂ ਡੀਜੀਪੀ / ਸੀਪੀਐਸ ਦੀਆਂ ਨਿਯੁਕਤੀਆਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ, ਤਾਂ ਕੁੱਝ ਹੀ ਘੰਟਿਆਂ ਵਿੱਚ ਉੱਚ ਅਦਾਲਤਾਂ ਵਿੱਚ ਹੁਕਮਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ। ਹੁਣ ਪਹਿਲਾਂ ਤੁਸੀਂ ਹਾਈ ਕੋਰਟ ‘ਤੇ ਹਮਲਾ ਕਰਦੇ ਹੋ, ਦੋਸ਼ ਲਾਉਂਦੇ ਹੋ ਅਤੇ ਬਾਅਦ ਵਿੱਚ ਲੋਕਾਂ ਤੋਂ ਧਿਆਨ ਖਿੱਚਣ ਲਈ ਹਾਈਕੋਰਟ ਦੇ ਉਹੀ ਹੁਕਮ ਸਵੀਕਾਰਦੇ ਹੋ’।
ਦਰਅਸਲ, ਸਿੱਧੂ ਨੇ ਇਹ ਟਵੀਟ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਮੰਨ ਕੇ ਗਠਿਤ ਕੀਤੀ ਗਈ ਨਵੀਂ ਐੱਸਆਈਟੀ ‘ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕੀਤਾ ਹੈ। ਸਿੱਧੂ ਕਹਿਣਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਪਹਿਲਾਂ ਤਾਂ ਹਾਈਕੋਰਟ ਦੇ ਫੈਸਲੇ ਦਾ ਵਿਰੋਧ ਕਰਕੇ ਉਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਦਾਅਵਾ ਕਰਦੀ ਸੀ ਪਰ ਹੁਣ ਉਸੇ ਹੀ ਫੈਸਲੇ ‘ਤੇ ਨਵੀਂ ਐੱਸਆਈਟੀ ਗਠਿਤ ਕਰ ਦਿੱਤੀ ਹੈ।