The Khalas Tv Blog India ਸਿੱਧਰਮਈਆ ਨੇ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ,ਡੀਕੇ ਸ਼ਿਵਕੁਮਾਰ ਬਣੇ ਉਪ ਮੁੱਖ ਮੰਤਰੀ
India

ਸਿੱਧਰਮਈਆ ਨੇ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ,ਡੀਕੇ ਸ਼ਿਵਕੁਮਾਰ ਬਣੇ ਉਪ ਮੁੱਖ ਮੰਤਰੀ

ਬੈਂਗਲੁਰੂ : ਸਿੱਧਰਮਈਆ ਨੇ ਅੱਜ ਸ੍ਰੀ ਕਾਂਤੀਰਵਾ ਸਟੇਡੀਅਮ ਵਿੱਚ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਜਦੋਂ ਕਿ ਡੀ.ਕੇ. ਸ਼ਿਵਕੁਮਾਰ ਉਪ ਮੁੱਖ ਮੰਤਰੀ ਬਣੇ ਹਨ। ਇਸ ਦੇ ਨਾਲ ਹੀ ਅੱਠ ਹੋਰ ਵਿਧਾਇਕਾਂ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ।

ਬੈਂਗਲੁਰੂ ‘ਚ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ‘ਚ ਕਾਂਗਰਸ ਦੇ ਸਾਰੇ ਵੱਡੇ ਨੇਤਾਵਾਂ ਦੇ ਨਾਲ-ਨਾਲ ਵਿਰੋਧੀ ਖੇਤਰੀ ਪਾਰਟੀਆਂ ਦੇ ਦਿੱਗਜ ਨੇਤਾ ਵੀ ਸ਼ਾਮਲ ਹਨ। ਇਸ ਮੌਕੇ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੈਰ-ਭਾਜਪਾ ਖੇਮੇ ਲਈ ਇਕਜੁੱਟਤਾ ਦੇ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਬੰਗਲੁਰੂ ਵਿੱਚ ਰਾਜ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਹਨਾਂ ਤੋਂ ਇਲਾਵਾ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਮੱਕਲ ਨੀਧੀ ਮਾਇਮ ਦੇ ਮੁਖੀ ਕਮਲ ਹਸਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਰਕਤ ਕੀਤੀ |

ਜ਼ਿਕਰਯੋਗ ਹੈ ਕਿ ਇਸ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਬਹੁਮਤ ਹਾਸਿਲ ਕੀਤਾ ਸੀ। ਜਿਸ ਮਗਰੋਂ ਅੱਜ ਮੁੱਖ ਮੰਤਰੀ,ਉਪ-ਮੁੱਖ ਮੰਤਰੀ ਤੇ ਕੈਬਨਿਟ ਦੇ ਹੋਰ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਹੈ।

Exit mobile version