ਬਿਉਰੋ ਰਿਪੋਰਟ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਰਵਣ ਸਿੰਘ ਪੰਧੇਰ (Sarvan singh pandher) ਨੇ ਕੇਰਲਾ ਦੇ ਕਾਲੀਕਟ ਵਿੱਚ ਅਰਬ ਸਾਗਰ ਤੋਂ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਕਿਸਾਨਾਂ ਲਈ ਫ਼ਸਲੀ ਬੀਮਾ ਯੋਜਨਾ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਵਿਸਾਖੀ ’ਤੇ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਵਾਸਤੇ ਪੁਖ਼ਤਾ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ ਹੈ।
ਪੰਧੇਰ ਨੇ ਦੱਸਿਆ ਕਿ ਕੇਰਲਾ ਵਿੱਚ ਬੀਤੇ ਕੱਲ੍ਹ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ। ਅੱਜ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਚੱਲ ਰਹੇ ਮੋਰਚਿਆਂ ਨੂੰ 60 ਦਿਨ ਹੋ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤਕ ਇਸ ਸੰਘਰਸ਼ ਵਿੱਚ ਕੁੱਲ 14 ਕਿਸਾਨ ਸ਼ਹੀਦੀ ਪਾ ਗਏ ਹਨ।
ਪੰਧੇਰ ਆਲਮੀ ਤਪਸ਼, ਯਾਨੀ ਗਲੋਬਲ ਵਾਰਮਿੰਗ ਦੀ ਚੇਤਾਵਨੀ ਤੇ ਦੇਸ਼ ਅੰਦਰ ‘ਹੀਟ ਵੇਵ’ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੀ ਫ਼ਸਲ ਦੇ ਰੱਖ-ਰਖਾਵ ਨੂੰ ਯਕੀਨੀ ਬਣਾਉਣ ਤੇ ਕਿਸਾਨਾਂ ਲਈ ਫ਼ਸਲੀ ਬੀਮਾ ਦੀ ਮੰਗ ਕਰ ਰਹੇ ਹਨ।
ਕੇਰਲਾ ਵਿੱਚ ਆਗੂ ਸਰਵਣ ਸਿੰਘ ਪੰਧੇਰ ਸਥਾਨਕ ਕਿਸਾਨਾਂ ਨਾਲ ਬੈਠਕਾਂ ਕਰ ਰਹੇ ਹਨ। ਉਨ੍ਹਾਂ ਚਿੰਤਾ ਜਤਾਈ ਹੈ ਕਿ ਆਲਮੀ ਤਪਸ਼ ਵਧਣ ਕਰਕੇ ਮਾਰਚ ਦਾ ਮਹੀਨਾ ਸਭ ਤੋਂ ਗਰਮ ਰਿਹਾ। ਖ਼ਬਰਾਂ ਮੁਤਾਬਕ ਭਾਰਤ ਵਿੱਚ ਵੀ ਇਸ ਵਾਰ ਬਹੁਤ ਗਰਮੀ ਪੈਣ ਦਾ ਖ਼ਦਸ਼ਾ ਹੈ। ਇਸ ਦਾ ਸਭ ਤੋਂ ਜ਼ਿਆਦਾ ਤੇ ਮਾੜਾ ਪ੍ਰਭਾਵ ਕਿਸਾਨਾਂ ‘ਤੇ ਪੈਣ ਦੀ ਸੰਭਾਵਨਾ ਹੈ।
ਪੰਧੇਰ ਨੇ ਕਿਹਾ ਕਿ ਆਲਮੀ ਤਪਸ਼ ਦੇ ਪ੍ਰਭਾਵ ਨਾਲ ਜ਼ਿਆਦਾ ਮੀਂਹ ਜਾਂ ਸੋਕਾ ਪੈ ਸਕਦਾ ਹੈ ਤੇ ਜ਼ਿਆਦਾ ਹਨ੍ਹੇਰੀ ਝੱਖੜ ਵੀ ਆ ਸਕਦੇ ਹਨ ਜਿਸ ਨਾਲ ਕਿਸਾਨ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਕਰਕੇ ਉਹ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲੋਂ ਕਿਸਾਨਾਂ ਲਈ ਫ਼ਸਲੀ ਬੀਮਾ ਸਬੰਧੀ ਯੋਜਨਾ ਦੀ ਮੰਗ ਕਰ ਰਹੇ ਹਨ, ਜੋ ਹਾਲੇ ਤਕ ਪੂਰੀ ਨਹੀਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਵਿਸਾਖੀ ‘ਤੇ 13 ਤੇ 14 ਅਪਰੈਲ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਉਸ ਕਰਕੇ ਉਹ ਉੱਤਰੀ ਭਾਰਤ ਵਿੱਚ ਕਣਕ ਦੀ ਵਾਢੀ ਨੂੰ ਵੇਖਦਿਆਂ ਸਰਕਾਰਾਂ ਨੂੰ ਮੰਗ ਕਰ ਰਹੇ ਹਨ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਬਰਸਾਤ ਦੌਰਾਨ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਰੁਲਣ ਤੋਂ ਬਚਾਈ ਜਾ ਸਕੇ।
ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਵਾਤਾਵਰਨ ਨੂੰ ਬਚਾਉਣ ਲਈ ਜੰਗਲਾਂ ਦੀ ਸਾਂਭ-ਸੰਭਾਲ ਦਾ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜਿਸ ਤਰ੍ਹਾਂ ਹਾਥਰਸ ਤੇ ਛੱਤੀਸਗੜ੍ਹ ਵਿੱਚ ਜੰਗਲ ਵੱਢੇ ਜਾ ਰਹੇ ਹਨ, ਭਾਰਤ ਮਾਲਾ ਸੜਕ ਯੋਜਨਾ ਤਹਿਤ ਜਿਸ ਤਰ੍ਹਾਂ ਏਨੇ ਦਰੱਖ਼ਤ ਵੱਢੇ ਗਏ ਤੇ ਜੰਗਲ ਉਜਾੜੇ ਗਏ ਹਨ, ਉਸ ਨਾਲ ਜਲਵਾਯੂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੇ ਇਵਜ਼ ਵਿੱਚ ਹੋਰ ਜੰਗਲ ਨਹੀਂ ਵਸਾਏ ਜਾ ਰਹੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਸਾਨ ਪਾਪੂਲਰ ਤੇ ਸਫ਼ੈਦੇ ਦੇ ਰੁੱਖਾਂ ਦੀ ਖੇਤੀ ਕਰਦੇ ਹਨ, ਉਨ੍ਹਾਂ ਲਈ ਬਕਾਇਦਾ ਮੰਡੀ ਬਣਾਈ ਜਾਵੇ ਜਿੱਥੇ ਉਹ ਆਪਣੀ ਫ਼ਸਲ ਵੇਚ ਸਕਣ। ਪੰਜਾਬ ਦੇ ਕਿਸਾਨਾਂ ਨੂੰ ਰੁੱਖਾਂ ਬਦਲੇ ਚੰਗਾ ਭਾਅ ਮਿਲਣਾ ਚਾਹੀਦਾ ਹੈ। ਇਸ ਨਾਲ ਜੰਗਲ ਹੇਠ ਰਕਬਾ ਵੀ ਵਧੇਗਾ, ਕਿਸਾਨਾਂ ਦੀ ਆਮਦਨ ਵੀ ਵਧੇਗੀ ਤੇ ਜਲਵਾਯੂ ਪਰਿਵਰਤਨ ਦਾ ਸੰਕਟ ਹੱਲ ਕਰਨ ਵਿੱਚ ਵੀ ਮਦਦ ਮਿਲੇਗੀ।
ਇਹ ਵੀ ਪੜ੍ਹੋ –
ਸੰਭੂ ਬਾਰਡਰ ਤੇ ਲੱਗੀ ਸੀ ਅੱਗ: ਕਿਸਾਨਾਂ ਫਾਇਰ ਬ੍ਰਿਗੇਡ ਤੇ ਲਗਾਏ ਅਰੋਪ
‘ਆਪ’ ਦੀ ਚਾਰ ਸੀਟਾਂ ਤੇ ਫਸੀ ਗਰਾਰੀ, 9 ਸਿੱਖਾਂ ਨੂੰ ਦਿੱਤੀ ਟਿਕਟ, ਹਿੰਦੂ ਤੇ ਮਹਿਲਾ ਕੋਈ ਨਹੀਂ