ਬਿਉਰੋ ਰਿਪੋਰਟ – ਪੰਜਾਬ ਹਰਿਆਣਾ ਹਾਈਕੋਰਟ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਕੇ ਨਵਾਂ ਮੋੜ ਸਾਹਮਣੇ ਆਇਆ ਹੈ। ਕਿਸਾਨ ਲਗਾਤਾਰ ਇਲਜ਼ਾਮ ਲਗਾ ਰਹੇ ਸਨ ਕਿ ਨੌਜਵਾਨ ਕਿਸਾਨ ਆਗੂ ਦੀ ਮੌਤ ਹਰਿਆਣਾ ਪੁਲਿਸ ਦੀ ਗੋਲੀ ਦੀ ਵਜ੍ਹਾ ਕਰਕੇ ਹੋਈ ਹੈ। ਜਦਕਿ ਚੰਡੀਗੜ੍ਹ ਦੀ FSL ਦੀ ਜਾਂਚ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਦੇ ਉਲਟ ਟਿੱਪਣੀਆਂ ਕੀਤੀਆਂ ਹਨ।
ਅਦਾਲਤ ਨੇ ਕਿਸਾਨ ਯੂਨੀਅਨ ਨੂੰ ਕਿਹਾ ਸ਼ੁਭਕਰਨ ਸਿੰਘ ਦੀ ਮੌਤ ਸ਼ਾਟ ਗੰਨ ਦੇ ਨਾਲ ਹੋਈ ਹੈ। ਪੁਲਿਸ ਸ਼ਾਟ ਗੰਨ ਦੀ ਵਰਤੋਂ ਨਹੀਂ ਕਰਦੀ ਹੈ। ਅਜਿਹਾ ਲੱਗਦਾ ਹੈ ਕਿ ਗੋਲੀ ਕਿਸਾਨਾਂ ਦੇ ਪਾਸੇ ਤੋਂ ਚਲਾਈ ਗਈ ਹੈ। ਹਾਈਕੋਰਟ ਨੇ ਕਿਹਾ ਉਸ ਦਿਨ ਫੁਟੇਜ ਚੈੱਕ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਸ਼ਾਟ ਗੰਨ ਕਿਸ ਦੇ ਵੱਲੋਂ ਚਲਾਈ ਗਈ ਸੀ।
ਹਰਿਆਣਾ ਸਰਕਾਰ ਦੇ ਐਡਵੋਕੇਟ ਜਨਰਲ ਦੀਪਕ ਸਬਰਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ CFL ਨੇ ਸ਼ੁਭਕਰਨ ਸਿੰਘ ਨੂੰ ਲੱਗੀ ਸ਼ਾਟ ਗੰਨ ਦੀ ਪੜਤਾਲ ਕੀਤ ਤਾਂ ਉਸ ਵਿੱਚ ਪਾਊਡਰ ਸੀ। ਉਨ੍ਹਾਂ ਕਿਹਾ ਪਾਊਡਰ ਉਸ ਵੇਲੇ ਹੀ ਹੁੰਦਾ ਹੈ ਜਦੋਂ ਨਜ਼ਦੀਕ ਤੋਂ ਫਾਇਰਿੰਗ ਹੁੰਦੀ ਹੈ। ਹਾਈਕੋਰਟ ਨੇ CFL ਰਿਪੋਰਟ ਦੀ ਜਾਂਚ 3 ਮੈਂਬਰੀ SIT ਨੂੰ ਸੌਪੀ ਹੈ ਜਿਸ ਦੀ ਅਗਵਾਈ ਪੁਲਿਸ ਕਮਿਸ਼ਨਰ ਝੱਜਰ ਸਤੀਸ਼ ਬਾਲਨ ਕਰ ਰਹੇ ਹਨ। ਜਿਸ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਫਾਇਰਿੰਗ ਕਿਸ ਪਾਸੇ ਤੋਂ ਹੋਈ ਸੀ।
CFL ਦੀ ਰਿਪੋਰਟ ਕਿਸਾਨਾਂ ਦੇ ਲਈ ਕਿਧਰੇ ਨਾ ਕਿਧਰੇ ਵੱਡਾ ਝਟਕਾ ਹੈ। ਕਿਉਂਕਿ ਉਨ੍ਹਾਂ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਸੀ ਗੋਲੀ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਸੀ ਅਜਿਹੇ ਵਿੱਚ CFL ਦੀ ਰਿਪੋਰਟ ਦੇ ਦਮ ’ਤੇ ਪੰਜਾਬ ਹਰਿਆਣਾ ਹਾਈਕੋਰਟ ਦੀ ਟਿੱਪਣੀਆਂ ਵੀ ਕਾਫੀ ਅਹਿਮ ਹਨ।