Punjab

ਸ਼੍ਰੋਮਣੀ ਰਾਗੀ ਸਭਾ ਨੇ ਜਥੇਦਾਰ ਨੂੰ ਘੇਰਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਰਾਗੀ ਸਭਾ ਦੇ ਸਾਰੇ ਕੀਰਤਨੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਿਛਲੇ ਦਿਨੀਂ ਦਿੱਤੇ ਬਿਆਨ ਦੇ ਰੋਸ ਵਜੋਂ ਇੱਕ ਚਿੱਠੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਵਿਖੇ ਮੌਜੂਦ ਸ਼੍ਰੋਮਣੀ ਰਾਗੀ ਸਭਾ ਨੇ ਕਿਹਾ ਕਿ ਜਥੇਦਾਰ ਵੱਲੋਂ ਸਿੱਖਾਂ ਪ੍ਰਤੀ ਵਰਤੀ ਸ਼ਬਦਾਵਲੀ ਨਾਲ ਸਾਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਨਿਰਪੱਖ ਸਥਾਨ ਹੈ ਅਤੇ ਇੱਥੇ ਨਿਰਪੱਖਤਾ ਦੀ ਗੱਲ ਹੀ ਹੋਣੀ ਚਾਹੀਦੀ ਹੈ ਅਤੇ ਜਥੇਦਾਰ ਦੀ ਪਦਵੀ ਬਹੁਤ ਉੱਚੀ ਹੈ।

ਰਾਗੀ ਸਿੰਘਾਂ ਨੇ ਜਥੇਦਾਰ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਕਿ ਉਨ੍ਹਾਂ ਵੱਲੋਂ ਸਿੱਖਾਂ ਪ੍ਰਤੀ ਬਦਤਮੀਜ਼ੀ ਵਾਲੇ ਲਫ਼ਜ਼ ਵਰਤੇ ਗਏ ਹਨ। ਤੁਹਾਡੇ ਕਾਰਜਕਾਲ ਦੌਰਾਨ ਬਹੁਤ ਸਾਰੇ ਇਸ ਤਰ੍ਹਾਂ ਦੇ ਮੌਕੇ ਆਏ ਜਦੋਂ ਤੁਹਾਨੂੰ ਬੋਲਣਾ ਚਾਹੀਦਾ ਸੀ ਪਰ ਉਦੋਂ ਤੁਸੀਂ ਨਹੀਂ ਬੋਲੇ। ਹੁਣ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ। ਅਕਾਲੀ ਦਲ ਵਿੱਚ ਕੁੱਝ ਬੰਦੇ ਜੋ ਸਿੱਖੀ ਨੂੰ ਧਾਹ ਲਾ ਰਹੇ ਸਨ, ਉਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਹੈ ਨਾ ਕਿ ਸਾਰੇ ਅਕਾਲੀ ਦਲ ਨੂੰ। ਰਾਗੀ ਸਿੰਘਾਂ ਨੇ ਜਥੇਦਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਅਕਾਲੀ ਦਲ ਵਿੱਚ ਉਹੀ ਬੰਦੇ ਹਨ ਜੋ ਚੋਣਾਂ ਵਿੱਚ ਹਾਰੇ ਹਨ। ਅਕਾਲੀ ਦਲ ਕੁਰਬਾਨੀਆਂ ਨਾਲ ਬਣਿਆ ਹੈ, ਜਿਸ ਕਰਕੇ ਇਹ ਸਦਾ ਚੜਦੀਕਲਾ ਵਿੱਚ ਰਹੇਗਾ। ਤੁਸੀਂ ਆਪਣੇ ਬਿਆਨ ਵਿੱਚ ਕੁੱਝ ਬੰਦਿਆਂ ਦਾ ਪੱਖ ਲੈਂਦੇ ਲੱਗ ਰਹੇ ਹੋ, ਜੋ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਤਖ਼ਤ ਦੀ ਮਹਾਨਤਾ ਦਾ ਖਿਆਲ ਰੱਖ ਕੇ ਬਿਆਨ ਦਿਆ ਕਰੋ।

ਦਰਅਸਲ, ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿੱਚੋਂ ਖਤਮ ਹੋਣਾ ਸਿੱਖਾਂ ਲਈ ਬਹੁਤ ਜਿਆਦਾ ਘਾਤਕ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਪੰਜਾਬ ਵੱਸਦੇ ਸਿੱਖੀ ਲਈ ਹੀ ਨਹੀਂ ਸਗੋਂ, ਦੇਸ਼ ਵਿੱਚ ਹਰ ਥਾਂ ਵਸਦੇ ਸਿੱਖਾਂ ਲਈ ਵੀ ਘਾ ਤਕ ਹੈ।