Punjab

ਅਕਾਲੀ ਦਲ ਦਾ ਹੱਲਾ ਬੋਲ, ਪੁਲਿਸ ਦਾ ਪਰਖਿਆ ਜ਼ੋਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੋਨਾ ਵੈਕਸੀਨ ਅਤੇ ਫਤਿਹ ਕਿੱਟ ਘੁਟਾਲਾ ਖਿਲਾਫ ਚੰਡੀਗੜ੍ਹ-ਸਿਸਵਾਂ ਰੋਡ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਰਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਘੇਰਨ ਲਈ ਪਹੁੰਚੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੀ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਹਨ। ਅਕਾਲੀ ਦਲ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਸਿਸਵਾਂ ਫਾਰਮ ਹਾਊਸ ਨੂੰ ਘੇਰਨ ਜਾਂਦੇ ਸਮੇਂ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਤੋੜਿਆ ਗਿਆ ਹੈ। ਇਸ ਦੌਰਾਨ ਵਰਕਰਾਂ ਦੀ ਧੱਕਾ-ਮੁੱਕੀ ਵੀ ਹੋਈ ਹੈ। ਪੁਲਿਸ ਵੱਲੋਂ ਵਰਕਰਾਂ ‘ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਵਰਕਰਾਂ ਨੂੰ ਦੂਸਰੇ ਬੈਰੀਕੇਡ ‘ਤੇ ਵਾਟਰ ਕੈਨਨ ਦੀ ਵਰਤੋਂ ਦੇ ਨਾਲ ਰੋਕਿਆ ਗਿਆ ਹੈ। ਅਕਾਲੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ‘ਅਲੀ ਬਾਬਾ ਚਾਲੀ ਚੋਰ’ ਦੇ ਨਾਅਰੇ ਵੀ ਲਗਾਏ ਗਏ। ਸੁਖਬੀਰ ਬਾਦਲ ਸਮੇਤ ਸਾਰੇ ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਰੋਕੇ ਜਾਣ ‘ਤੇ ਦੂਸਰੇ ਬੈਰੀਕੇਡ ‘ਤੇ ਹੀ ਧਰਨਾ ਲਾ ਕੇ ਬੈਠ ਗਏ ਹਨ। ਸੁਖਬੀਰ ਬਾਦਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਬਿਕਰਮ ਸਿੰਘ ਮਜੀਠੀਆ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਅਕਾਲੀ ਦਲ ਨੇ ਸਰਕਾਰ ਦੀ ਨੀਂਹ ਪੁੱਟਣ ਲਈ ਜੰਗ ਕੀਤੀ ਸ਼ੁਰੂ – ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਨੇ ਗੱਠਜੋੜ ਦੀ ਮਰਿਆਦਾ ਦੀ ਪਿੱਠ ਪਿੱਛੇ ਛੁਰਾ ਮਾਰਿਆ, ਇਸ ਲਈ ਅਸੀਂ ਉਹ ਗੱਠਜੋੜ ਤੋੜ ਦਿੱਤਾ। ਆਪਣੇ ਨਵੇਂ ਗੱਠਜੋੜ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੋ ਵੱਡੀਆਂ ਤਾਕਤਾਂ ਇਕੱਠੀਆਂ ਹੋਈਆਂ ਹਨ। ਚਾਰ ਸਾਲ ਹੋ ਗਏ, ਕੈਪਟਨ ਝੂਠੀਆਂ ਸੌਂਹਾਂ ਖਾ ਕੇ ਸੱਤਾ ‘ਤੇ ਬੈਠਾ ਹੈ। ਬੇਅਦਬੀ ਮਾਮਲਿਆਂ ਦਾ ਹਾਲੇ ਤੱਕ ਕੋਈ ਇਨਸਾਫ ਨਹੀਂ ਦਿੱਤਾ। ਪੰਜਾਬ ਨੂੰ ਇਨ੍ਹਾਂ ਨੇ ਰੱਜ ਕੇ ਲੁੱਟਿਆ। ਫਤਿਹ ਕਿੱਟਾਂ, ਕਰੋਨਾ ਵੈਕਸੀਨ ਵਿੱਚ ਪੰਜਾਬ ਸਰਕਾਰ ਨੇ ਕਰੋੜਾਂ ਰੁਪਇਆਂ ਦਾ ਲੈਣ-ਦੇਣ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਾਰੇ ਘੁਟਾਲਿਆਂ ਦੇ ਹਿਸਾਬ ਦਾ ਜਵਾਬ ਲਿਆ ਜਾਵੇਗਾ। ਬਲਬੀਰ ਸਿੱਧੂ ਨੇ ਮਹਾਂਮਾਰੀ ਦੇ ਦੌਰ ਵਿੱਚ ਲੋਕਾਂ ਨਾਲ ਧੋਖਾ ਕੀਤਾ ਹੈ। ਕੈਪਟਨ ਸਰਕਾਰ ਨੇ ਗਰੀਬ ਬੱਚਿਆਂ ਦੀ ਸਿੱਖਿਆ ਖੋਹ ਲਈ। ਅਕਾਲੀ ਦਲ ਨੇ ਇਸ ਸਰਕਾਰ ਦੀ ਨੀਂਹ ਪੁੱਟਣ ਲਈ ਜੰਗ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਹਨ।